ਸ੍ਰੀ ਮੁਕਤਸਰ ਸਾਹਿਬ, 1 ਜੂਨ (ਸੁਖਪਾਲ ਸਿੰਘ ਢਿੱਲੋਂ)-ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜ ਕੁਮਾਰ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਸਕੂਲ ਦੇ ਬੱਚਿਆਂ ਤੇ ਸਮਾਜ ਦੇ ਆਮ ਲੋਕਾਂ ਨੂੰ ਇਹ ਸੰਦੇਸ਼ ਦਿੰਦੇ ਹੋਏ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਤੋਂ ਬਚਾਓ ਅਤੇ ਦੇਸ਼ ਨੂੰ ਨਸ਼ਾ ਮੁਕਤ ਦੇਸ਼ ਬਣਾਓ | ਉਨ੍ਹਾਂ ਲੋਕਾਂ ਨੂੰ ਤੰਦਰੁਸਤ ਸਮਾਜ ਸਿਰਜਣ ਲਈ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਪੰਜਾਬ ਦੀ ਤਰੱਕੀ ਲਈ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ੇ ਵਰਗੀ ਭੈੜੀ ਅਲਾਮਤ ਤੋਂ ਪੀੜਤ ਹਨ ਅਤੇ ਜੋ ਵੀ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ, ਉਹ ਜ਼ਿਲਿ੍ਹਆਂ ਵਿਚ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖ਼ਲ ਹੋ ਸਕਦੇ ਹਨ | ਇਸ ਮੌਕੇ ਅਕਾਲ ਅਕੈਡਮੀ ਸਕੂਲ ਦੇ ਬੱਚਿਆਂ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਨਸ਼ਾ ਨਾ ਕਰਨ ਸੰਬੰਧੀ ਸਹੁੰ ਚੁਕਾਈ ਗਈ ਅਤੇ ਹਸਤਾਖ਼ਰ ਕਰਵਾਏ ਗਏ | ਇਸ ਤੋਂ ਇਲਾਵਾ ਹਿਮਾਂਸ਼ੂ ਅਰੋੜਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਬੱਚਿਆਂ ਨੂੰ ਦੱਸਿਆ ਕਿ ਨਸ਼ਾ ਇਕ ਮਿੱਠਾ ਜ਼ਹਿਰ ਹੈ, ਜੋ ਕਿ ਪਹਿਲਾਂ-ਪਹਿਲ ਆਰਾਮ ਤੇ ਖ਼ੁਸ਼ੀ ਦਿੰਦਾ ਹੈ, ਪ੍ਰੰਤੂ ਅੰਤ ਵਿਚ ਅੰਦਰੂਨੀ ਕਮਜ਼ੋਰੀ ਵਜੋਂ ਉੱਭਰ ਕੇ ਸਾਹਮਣੇ ਆਉਂਦਾ ਹੈ, ਜਿਸ ਕਾਰਨ ਵਿਅਕਤੀ ਉਸ ਦਾ ਆਦੀ ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਨਸ਼ੇ ਵਿਚ ਧਸਦਾ ਚਲਾ ਜਾਂਦਾ ਹੈ | ਹਿਮਾਂਸ਼ੂ ਅਰੋੜਾ ਨੇ ਦੱਸਿਆ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਦਿ੍ੜ੍ਹ ਸੰਕਲਪ ਲੈ ਕੇ ਨਸ਼ੇ ਦਾ ਸੇਵਨ ਕਰਨ ਤੋਂ ਦੂਰ ਰਹਿਣ ਅਤੇ ਆਪਣੇ ਸਾਥੀਆਂ ਨੂੰ ਵੀ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ | ਜੇਕਰ ਉਨ੍ਹਾਂ ਨੂੰ ਕੋਈ ਨਸ਼ਾ ਕਰਵਾਉਂਦਾ ਜਾਂ ਵੇਚਦਾ ਹੈ ਤਾਂ ਉਸ ਦਾ ਇਕੱਠੇ ਹੋ ਕੇ ਵਿਰੋਧ ਕਰਨ | ਇਸ ਮੌਕੇ ਪਿ੍ੰਸੀਪਲ ਵਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ ਤੇ ਪ੍ਰੈੱਸ ਮੀਡੀਆ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |