ਸ੍ਰੀ ਮੁਕਤਸਰ ਸਾਹਿਬ, 3 ਜੂਨ (ਸੁਖਪਾਲ ਸਿੰਘ ਢਿੱਲੋਂ)-ਮਜ਼ਦੂਰ ਲੋਕ ਲਹਿਰ ਅਤੇ ਮਨਰੇਗਾ ਵਰਕਰਜ਼ ਯੂਨੀਅਨ ਦੀ ਅਗਵਾਈ ਵਿਚ ਬਣੇ ਜ਼ਮੀਨ ਪ੍ਰਾਪਤੀ ਸੰਘਰਸ਼ ਮੋਰਚੇ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਮਜ਼ਦੂਰਾਂ ਦੀਆਂ ਮੰਗਾਂ ਤੇ ਮਸਲਿਆਂ ਸੰਬੰਧੀ ਮੰਗ ਪੱਤਰ ਦਿੱਤਾ | ਪਹਿਲਾਂ ਮਜ਼ਦੂਰਾਂ ਨੇ ਖੰਡੇ ਵਾਲੇ ਪਾਰਕ ਵਿਚ ਇਕੱਠ ਕੀਤਾ ਅਤੇ ਫ਼ਿਰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ | ਜ਼ਮੀਨ ਪ੍ਰਾਪਤੀ ਸੰਘਰਸ਼ ਮੋਰਚੇ ਦੇ ਕਨਵੀਨਰ ਜਸਵਿੰਦਰ ਸਿੰਘ ਵੱਟੂ, ਸਕੱਤਰ ਜਗਸੀਰ ਸਿੰਘ ਬਾਜਾ, ਕਮੇਟੀ ਮੈਂਬਰ ਗੁਰਦੀਪ ਸਿੰਘ ਕਾਨਿਆਂਵਾਲੀ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੱਸੇਆਣਾ ਨੇ ਮਜ਼ਦੂਰ ਮੰਗਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ | ਆਗੂਆਂ ਨੇ ਕਿਹਾ ਕਿ ਸਰਕਾਰੀ ਜ਼ਮੀਨ ਬੰਜਰ ਨਜੂਲ ਪੰਚਾਇਤੀ ਸ਼ਾਮਲਾਤ ਅਤੇ ਰਾਜਾ ਮਹਾਰਾਜਿਆਂ ਦੀ ਜ਼ਮੀਨ ਨੂੰ ਮਜ਼ਦੂਰਾਂ ਵਿਚ ਵੰਡਿਆ ਜਾਵੇ, ਜ਼ਮੀਨੀ ਹੱਦਬੰਦੀ ਕਾਨੂੰਨ ਨੂੰ ਲਾਗੂ ਕੀਤਾ ਜਾਵੇ ਅਤੇ ਵਾਧੂ ਨਿਕਲਦੀਆਂ ਜ਼ਮੀਨਾਂ ਸਾਢੇ 17 ਏਕੜ ਤੋਂ ਵੱਧ ਜਿਨ੍ਹਾਂ ਨੇ ਰੱਖੀਆਂ ਹੋਈਆਂ ਹਨ, ਉਹ ਗ਼ਰੀਬਾਂ ਵਿਚ ਵੰਡੀਆਂ ਜਾਣ | ਇਸ ਸਮੇਂ ਜ਼ਮੀਨ ਪ੍ਰਾਪਤੀ ਸੰਘਰਸ਼ ਮੋਰਚੇ ਵਲੋਂ ਮਨਰੇਗਾ ਮਜ਼ਦੂਰਾਂ ਦੀਆਂ ਵੀ ਮੰਗਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਮਨਰੇਗਾ ਅਧੀਨ ਸਾਰੇ ਪਰਿਵਾਰ ਨੂੰ 365 ਦਿਨ ਕੰਮ ਦਿੱਤਾ ਜਾਵੇ, ਮਨਰੇਗਾ ਦੀ ਦਿਹਾੜੀ 700 ਕੀਤੀ ਜਾਵੇ, ਰਾਸ਼ਨ ਡੀਪੂਆਂ ਉੱਪਰ ਜੋ ਕਾਣਕ ਬੰਦ ਪਈ ਹੈ, ਚਾਲੂ ਕੀਤੀ ਜਾਵੇ, ਮਜ਼ਦੂਰਾਂ ਦੇ ਸਿਰ ਚੜੇ੍ਹ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਰਾਸ਼ਨ ਦੀ ਉੱਪਰ ਨਿੱਤ ਵਰਤੋਂ ਦੀਆਂ ਜ਼ਰੂਰੀ ਵਸਤਾਂ ਅੱਧੀ ਕੀਮਤ 'ਤੇ ਦਿੱਤੀਆਂ ਜਾਣ, ਬੁਢਾਪਾ ਵਿਧਵਾ ਅੰਗਹੀਣ ਪੈਨਸ਼ਨ ਦੀ ਰਾਸ਼ੀ ਵਿਚ ਵਾਧਾ ਕਰਕੇ 2500 ਰੁਪਏ ਕੀਤੀ ਜਾਵੇ |