ਸ੍ਰੀ ਮੁਕਤਸਰ ਸਾਹਿਬ, 3 ਜੂਨ (ਸੁਖਪਾਲ ਸਿੰਘ ਢਿੱਲੋਂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਸਿੱਧਵਾਂ ਬੇਟ ਦੀ ਸੀ.ਡੀ.ਪੀ.ਓ. ਵਲੋਂ ਆਂਗਣਵਾੜੀ ਵਰਕਰਾਂ ਨਾਲ ਕੀਤੇ ਗਏ ਦੁਰਵਿਵਹਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਕਤ ਸੀ.ਡੀ.ਪੀ.ਓ. ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ, ਕਿਰਨਜੀਤ ਕੌਰ ਭੰਗਚੜ੍ਹੀ, ਜਸਵਿੰਦਰ ਕੌਰ ਬੱਬੂ ਦੋਦਾ, ਵੀਰਪਾਲ ਕੌਰ ਬੀਦੋਵਾਲੀ, ਵੀਰਪਾਲ ਕੌਰ ਭਾਗਸਰ, ਕਿਰਨਪਾਲ ਕੌਰ ਮਹਾਂਬੱਧਰ, ਹਰਪ੍ਰੀਤ ਕੌਰ ਮੁਕਤਸਰ, ਬਲਜਿੰਦਰ ਕੌਰ ਖੱਪਿਆਂਵਾਲੀ, ਸੰਦੀਪ ਕੌਰ ਰਣਜੀਤਗੜ੍ਹ, ਹਰਦਵਿੰਦਰ ਕੌਰ ਪੰਨੀਵਾਲਾ ਫੱਤਾ, ਗਗਨ ਮੱਲਣ, ਸੁਖਵਿੰਦਰ ਕੌਰ ਦੋਦਾ, ਰਾਜਪਾਲ ਕੌਰ ਚੜੇਵਾਨ, ਸੁਖਵਿੰਦਰ ਕੌਰ ਸੰਗੂਧੌਣ, ਮਲਕੀਤ ਕੌਰ ਸੰਗੂਧੌਣ ਤੇ ਅੰਮਿ੍ਤ ਪਾਲ ਕੌਰ ਥਾਂਦੇਵਾਲਾ ਨੇ ਕਿਹਾ ਕਿ ਸੀ.ਡੀ.ਪੀ.ਓ. ਨੇ ਛੁੱਟੀਆਂ ਵਿਚ ਵੀ ਆਂਗਣਵਾੜੀ ਵਰਕਰਾਂ ਨੂੰ ਆਪਣੇ ਦਫ਼ਤਰ 'ਚ ਬੁਲਾਇਆ ਅਤੇ ਧੱਕੇਸ਼ਾਹੀ ਨਾਲ ਕੰਮ ਕਰਨ ਲਈ ਕਿਹਾ | ਉੱਥੇ ਕੋਈ ਛਾਂ ਤੇ ਪੀਣ ਲਈ ਪਾਣੀ ਦਾ ਪ੍ਰਬੰਧ ਨਹੀਂ ਸੀ | ਉੱਤੋਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ, ਜਿਸ ਕਰਕੇ ਯੂਨੀਅਨ ਦੀ ਜ਼ਿਲ੍ਹਾ ਲੁਧਿਆਣਾ ਦੀ ਪ੍ਰਧਾਨ ਗੁਰ ਅੰਮਿ੍ਤ ਕੌਰ ਸਿੱਧਵਾਂ ਬੇਟ ਬੇਹੋਸ਼ ਹੋ ਗਈ ਤੇ ਉਸ ਨੂੰ ਵਰਕਰਾਂ ਹੀ ਚੁੱਕ ਕੇ ਹਸਪਤਾਲ ਲੈ ਕੇ ਗਈਆਂ | ਜਦੋਂਕਿ ਸੀ.ਡੀ.ਪੀ.ਓ. ਉਸ ਸਮੇਂ ਦਫ਼ਤਰ ਵਿਚੋਂ ਚਲੀ ਗਈ | ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫ਼ੋਨ ਅਤੇ ਰਿਚਾਰਜ ਭੱਤਾ ਨਹੀਂ ਦਿੰਦਾ, ਉਦੋਂ ਤੱਕ ਵਰਕਰਾਂ ਕੰਮ ਨਹੀਂ ਕਰਨਗੀਆਂ | ਆਗੂਆਂ ਨੇ ਕਿਹਾ ਕਿ ਜਥੇਬੰਦੀ ਵਲੋਂ ਇਸ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ, ਤਾਂ ਕਿ ਅੱਗੇ ਤੋਂ ਕੋਈ ਅਫ਼ਸਰ ਅਜਿਹਾ ਕਰਨ ਦੀ ਹਿੰਮਤ ਨਾ ਕਰੇ |