ਮਲੋਟ, 6 ਸਤੰਬਰ (ਪਾਟਿਲ, ਅਜਮੇਰ ਸਿੰਘ ਬਰਾੜ)-ਮਲੋਟ ਵਿਖੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਚੁੱਕੇ ਇਕ ਪਿਤਾ ਵਲੋਂ ਬੇਟੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਕਲਯੁਗੀ ਪਿਤਾ ਵਲੋਂ ਨਾ ਸਿਰਫ਼ ਆਪਣੀ ਮੰਦਬੁੱਧੀ ਨਾਬਾਲਗ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ ਅਤੇ ਬੱਚੀ ਜਦੋਂ ਗਰਭਵਤੀ ਹੋ ਗਈ ਤਾਂ ਉਸ ਦਾ ਗਰਭਪਾਤ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ | ਮਾਮਲਾ ਮੁਹੱਲੇ ਵਾਲਿਆਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਲੜਕੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਸ ਤੋਂ ਬਾਅਦ ਸਿਟੀ ਮਲੋਟ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੀੜਤਾ ਦੀ ਮਾਤਾ ਦੀ 5 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਤਿੰਨ ਨਿੱਕੇ ਭੈਣ-ਭਰਾ ਹੋਰ ਹਨ | ਇਸ ਸੰਬੰਧੀ ਮੁਹੱਲੇ ਦੇ ਐੱਮ.ਸੀ. ਮੋਤੀ ਰਾਮ, ਗੁਰਦੀਪ ਸਿੰਘ ਸਮੇਤ ਵਿਅਕਤੀਆਂ ਨੇ ਦੱਸਿਆ ਕਿ ਮੁਹੱਲੇ ਦੀ ਆਸ਼ਾ ਵਰਕਰਾਂ ਨੇ ਸਮਾਜ ਸੇਵੀ ਵਿਅਕਤੀਆਂ ਦੀ ਮਦਦ ਨਾਲ ਮੁਹੱਲੇ ਦੀ ਇਕ 13 ਸਾਲ ਦੀ ਮੰਦਬੁੱਧੀ ਲੜਕੀ ਨੂੰ ਖ਼ਰਾਬ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ | ਡਾਕਟਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਲੜਕੀ ਨਾਲ ਜਬਰ-ਜਨਾਹ ਹੋਇਆ ਹੈ ਅਤੇ ਉਸ ਦਾ ਗਰਭਪਾਤ ਕਰਵਾਇਆ ਗਿਆ ਹੈ | ਇਸ ਮਾਮਲੇ 'ਤੇ ਸਿਟੀ ਮਲੋਟ ਪੁਲਿਸ ਦੁਆਰਾ ਕੀਤੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਲੜਕੀ ਦੀ ਇਸ ਹਾਲਤ ਲਈ ਉਸ ਦਾ ਪਿਤਾ ਹੀ ਜ਼ਿੰਮੇਵਾਰ ਹੈ | ਸਿਟੀ ਮਲੋਟ ਪੁਲਿਸ ਨੇ ਇਸ ਮਾਮਲੇ ਵਿਚ ਪੀੜਤਾ ਦੇ ਮੁਲਜ਼ਮ ਪਿਤਾ ਵਿਰੁੱਧ ਜਬਰ-ਜਨਾਹ ਅਤੇ ਪੋਕਸੋ ਐਕਟ ਸਮੇਤ ਸੰਗੀਨ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਡੀ.ਐੱਸ.ਪੀ. ਮਲੋਟ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ |