ਸ੍ਰੀ ਮੁਕਤਸਰ ਸਾਹਿਬ, 6 ਸਤੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਵਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਤੇ ਚੰਗੀ ਪੁਲਿਸਿੰਗ ਲਈ ਦਿਨ ਪ੍ਰਤੀ ਦਿਨ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਲਈ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਡੀ.ਪੀ.ਓ. ਸ੍ਰੀ ਮੁਕਤਸਰ ਸਾਹਿਬ ਵਿਖੇ ਸਾਰੇ ਗਜ਼ਟਿਡ ਅਫ਼ਸਰਾਨ, ਮੁੱਖ ਅਫ਼ਸਰਾਨ ਥਾਣਾ, ਇੰਚਾਰਜ ਚੌਂਕੀਆਂ ਅਤੇ ਯੂਨਿਟ ਇੰਚਾਰਜਾਂ ਨਾਲ ਮੀਟਿੰਗ ਕਰਕੇ ਨਸ਼ੇ ਦਾ ਖ਼ਾਤਮਾ ਕਰਨ, ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਅਤੇ ਚੰਗੀ ਪੁਲਿਸਿੰਗ ਸੰਬੰਧੀ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਗਏ | ਮੀਟਿੰਗ ਦੌਰਾਨ ਨਸ਼ਿਆਂ ਵਿਰੁੱਧ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ | ਅਧਿਕਾਰੀਆਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਦਿੱਤੇ ਗਏ ਕਿ ਨਸ਼ਾ ਤਸਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਾ ਜਾਵੇ | ਨਵੇਂ ਸਪਲੈਰਾਂ ਤੇ ਪੈਡਲਰਾਂ ਖ਼ਿਲਾਫ਼ ਕਾਰਵਾਈ ਹੋਰ ਤੇਜ਼ ਕਰਨ ਦੇ ਹੁਕਮ ਦਿੱਤੇ ਗਏ | ਨਸ਼ੇ ਦੇ ਕਾਰੋਬਾਰ ਨਾਲ ਕਮਾਈ ਗਈ ਗ਼ੈਰਕਾਨੂੰਨੀ ਜਾਇਦਾਦ ਦੀ ਪਹਿਚਾਣ ਕਰਕੇ ਪ੍ਰਕਿਰਿਆ ਤੇਜ਼ ਕਰਨ ਦੀ ਹਦਾਇਤ ਕੀਤੀ ਗਈ | ਜ਼ਮਾਨਤ 'ਤੇ ਬਾਹਰ ਆਏ ਦੋਸ਼ੀਆਂ ਦੀ ਸਖ਼ਤ ਨਿਗਰਾਨੀ ਤੇ ਦੁਬਾਰਾ ਸ਼ਮੂਲੀਅਤ ਰੋਕਣ ਲਈ ਮਜ਼ਬੂਤ ਚੈਕਿੰਗ ਪ੍ਰਣਾਲੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ | ਲੋਕਾਂ ਦੀਆਂ ਸਮੱਸਿਆਵਾਂ ਸੰਬੰਧੀ ਗੱਲਬਾਤ ਕਰਦਿਆਂ ਮੀਟਿੰਗ ਦੌਰਾਨ ਜ਼ੋਰ ਦਿੱਤਾ ਗਿਆ ਕਿ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਪਾਰਦਰਸ਼ੀ ਢੰਗ ਨਾਲ ਜਲਦੀ ਨਿਪਟਾਰਾ ਕੀਤਾ ਜਾਵੇ | ਇਸ ਮੌਕੇ ਦੱਸਿਆ ਗਿਆ ਕਿ ਸਾਲ 2025 ਦੌਰਾਨ 520 ਮੁਕੱਦਮਿਆਂ ਦਾ ਨਿਪਟਾਰਾ ਕੀਤਾ ਗਿਆ | ਲੋਕਾਂ ਦੀਆਂ ਲਗਪਗ 4012 ਦਰਖ਼ਾਸਤਾਂ ਦਾ ਹੱਲ ਕੀਤਾ ਗਿਆ | ਸਾਇਬਰ ਫਰਾਡ ਕੇਸਾਂ ਵਿਚ ਲਗਪਗ 77 ਲੱਖ ਰੁਪਏ ਰੀਫ਼ੰਡ ਕਰਵਾਏ ਗਏ | ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਖ਼ਾਸ ਨਿਰਦੇਸ਼ ਦਿੱਤੇ ਗਏ ਕਿ ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧਾਂ ਦੇ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ | ਸਕੂਲਾਂ ਵਿਚ ਛੁੱਟੀ ਸਮੇਂ ਮਹਿਲਾ ਪੁਲਿਸ ਕਰਮਚਾਰੀ ਦੀ ਤਾਇਨਾਤੀ ਕਰਨ ਦੇ ਹੁਕਮ ਦਿੱਤੇ ਗਏ | ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਨੂੰ ਪੁਲਿਸਿੰਗ ਦੀ ਪਹਿਲ ਬਣਾਉਣ ਦੀ ਹਦਾਇਤ ਕੀਤੀ ਗਈ | ਇਸ ਉਪਰੰਤ ਅਪਰਾਧ ਦੀ ਰੋਕਥਾਮ ਲਈ ਖ਼ਾਸ ਹਦਾਇਤਾਂ ਜਾਰੀ ਕਰਦੇ ਹੋਏ ਸੇਫ਼ ਪੰਜਾਬ ਟਿਪ ਲਾਈਨ 'ਤੇ ਮਿਲ ਰਹੀਆਂ ਸ਼ਿਕਾਇਤਾਂ 'ਤੇ ਫ਼ੌਰੀ ਕਾਰਵਾਈ ਕਰਨ, ਗੰਭੀਰ ਅਤੇ ਐੱਨ.ਡੀ.ਪੀ.ਐੱਸ. ਕੇਸਾਂ ਦੇ ਫਰਾਰ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰਨ 'ਤੇ ਜ਼ੋਰ ਦਿੱਤਾ ਗਿਆ | ਲੰਮੇ ਸਮੇਂ ਤੋਂ ਪੈਂਡਿੰਗ ਜਾਂਚਾਂ ਦਾ ਜਲਦੀ ਨਿਪਟਾਰਾ ਕਰਨ ਲਈ ਸਖ਼ਤ ਹਦਾਇਤਾਂ ਕੀਤੀਆਂ ਗਈਆਂ | ਫੋਰਸ ਡੋਮੀਨੇਸ਼ਨ ਵਧਾ ਕੇ ਗੈਂਗਸਟਰਾਂ ਤੇ ਅਪਰਾਧੀਆਂ ਦੀ ਸਖ਼ਤ ਨਿਗਰਾਨੀ ਕਰਨ ਲਈ ਕਿਹਾ ਗਿਆ | ਜ਼ਿਲ੍ਹਾ ਪੁਲਿਸ ਮੁਖੀ ਵਲੋਂ ਕਿਹਾ ਗਿਆ ਕਿ ਚੰਗੀ ਪੁਲਿਸਿੰਗ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਵਲੋਂ ਮੁੱਖ ਅਫ਼ਸਰਾਨ ਥਾਣਾ ਲਈ ਵਿਸ਼ੇਸ਼ ਟਾਰਗੇਟ ਫਿਕਸ ਕੀਤੇ ਗਏ ਹਨ ਤੇ ਇਹ ਉਪਰਾਲੇ ਆਮ ਲੋਕਾਂ ਦੀ ਭਲਾਈ ਅਤੇ ਸੁਰੱਖਿਆ ਲਈ ਕੀਤੇ ਜਾ ਰਹੇ ਹਨ |