ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਫ਼ਦ ਸੂਬਾ ਸਕੱਤਰ ਜਨਰਲ ਜਗਦੇਵ ਸਿੰਘ ਕਾਨਿਆਂਵਾਲੀ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੂੰ ਮਿਲਿਆ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਮੰਗ ਕੀਤੀ ਗਈ ਕਿ ਕਿਸਾਨ ਝੋਨੇ ਨੂੰ ਪੈਦਾ ਕਰਦਾ ਹੈ, ਉਸ ਦੀਆਂ ਵੀ ਝੋਨੇ ਦੀ ਵਿਕਰੀ ਸੰਬੰਧੀ ਬਹੁਤ ਸਾਰੀਆਂ ਮੁਸ਼ਕਿਲਾਂ ਹਨ | ਇਹ ਚਾਰ-ਪੰਜ ਵਰਗਾਂ ਦੀ ਇਕਜੁੱਟਤਾ ਦਾ ਕੰਮ ਹੈ, ਜਿਸ ਵਿਚ ਆੜ੍ਹਤੀਆ, ਸ਼ੈਲਰ ਮਾਲਕ, ਖ਼ਰੀਦ ਏਜੰਸੀਆਂ, ਮੰਡੀ ਬੋਰਡ ਤੇ ਕਿਸਾਨ ਭਾਈਵਾਲ ਹਨ, ਪਰ ਬਹੁਤ ਅਫ਼ਸੋਸ ਹੈ ਕਿ ਝੋਨੇ ਦੀ ਖ਼ਰੀਦ ਤੇ ਹੋਰ ਮੁਸ਼ਕਿਲਾਂ ਸੰਬੰਧੀ ਪ੍ਰਸ਼ਾਸਨ ਵਲੋਂ ਕੀਤੀਆਂ ਜਾਂਦੀਆਂ ਮੀਟਿੰਗਾਂ ਦੌਰਾਨ ਕਿਸਾਨਾਂ ਨੂੰ ਬੁਲਾਉਣਾ ਮੁਨਾਸਬ ਹੀ ਨਹੀਂ ਸਮਝਿਆ ਜਾਂਦਾ | ਇਨ੍ਹਾਂ ਮੀਟਿੰਗਾਂ ਵਿਚ ਕਿਸਾਨ ਵਰਗ ਨੂੰ ਵੀ ਸ਼ਾਮਿਲ ਕੀਤਾ ਜਾਵੇ | ਇਸ ਤੋਂ ਇਲਾਵਾ ਅਦਾਲਤ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਸੰਬੰਧੀ ਜੋ ਸਖ਼ਤ ਫ਼ੈਸਲੇ ਲਏ ਹਨ, ਇਸ ਫ਼ੈਸਲੇ 'ਤੇ ਸਰਕਾਰ ਨੂੰ ਵੀ ਦੁਬਾਰਾ ਗ਼ੌਰ ਕਰਨਾ ਚਾਹੀਦਾ ਹੈ, ਪ੍ਰਦੂਸ਼ਣ ਲਈ ਸਿਰਫ਼ ਕਿਸਾਨ ਜ਼ਿੰਮੇਵਾਰ ਨਹੀਂ | ਇਸ ਮੌਕੇ ਸੁਰਜੀਤ ਸਿੰਘ ਰੁਪਾਣਾ ਪ੍ਰਧਾਨ, ਅਵਤਾਰ ਸਿੰਘ ਫੂਲੇਵਾਲਾ, ਸ਼ਿਵਰਾਜ ਸਿੰਘ ਭੰਗਚੜ੍ਹੀ, ਨਿਰਮਲ ਸਿੰਘ ਸੰਗੂਧੌਣ, ਗੁਰਪ੍ਰੀਤ ਸਿੰਘ ਗੰਧੜ, ਨਿਰਮਲ ਸਿੰਘ ਰੁਪਾਣਾ, ਹਰਪ੍ਰੀਤ ਸਿੰਘ ਰੁਪਾਣਾ, ਬਸੰਤ ਸਿੰਘ, ਭੁਪਿੰਦਰ ਸਿੰਘ, ਦਰਸ਼ਨ ਸਿੰਘ ਸੰਧੂ ਹਾਜ਼ਰ ਸਨ |