ਲੰਬੀ, 25 ਸਤੰਬਰ (ਮੇਵਾ ਸਿੰਘ)-ਬੀਤੀ 20 ਤੇ 21 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਮਾਹੂਆਣਾ ਦੇ ਇਕ ਮਕਾਨ ਵਿਚੋਂ ਚੋਰੀ ਅਤੇ ਕਬਜ਼ਾ ਕਰਨ ਦੀ ਨੀਅਤ ਨਾਲ ਸਾਂਝੀ ਕੰਧ ਢਾਹ ਕੇ ਲਾਲ ਰੰਗ ਦੀ ਟਰਾਲੀ, ਤਵੀਆਂ ਰੰਗ ਨੀਲਾ, ਟਰਾਲੀ ਉੱਪਰ ਤੂੜੀ ਬਣਾਉਣ ਲਈ ਲੱਗਣ ਵਾਲੀਆਂ ਜਾਲੀਆਂ ਦੇ 2 ਸੈੱਟ ਅਤੇ ਮਕਾਨ ਦੇ ਅੰਦਰ ਬਣੇ ਕਮਰੇ ਵਿਚ ਪਈ ਕਰੀਬ 20 ਕੁਇੰਟਲ ਕਣਕ ਗ਼ਾਇਬ ਕਰਨ ਦੇ ਮਾਮਲੇ ਵਿਚ ਵਿਚ ਮਲਕੀਤ ਸਿੰਘ ਪੁੱਤਰ ਬਲਕਰਨ ਸਿੰਘ ਦੇ ਬਿਆਨਾਂ 'ਤੇ ਥਾਣਾ ਲੰਬੀ ਦੀ ਪੁਲਿਸ ਵਲੋਂ ਪਰਮਪਾਲ ਸਿੰਘ, ਲਵਪ੍ਰੀਤ ਸਿੰਘ ਪੁੱਤਰਾਨ ਸੁਖਪਾਲ ਸਿੰਘ ਅਤੇ ਸੁਖਪਾਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਮਾਹੁੂਆਣਾ ਅਤੇ 7-8 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਫ਼ਫ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਨੁੰੂ ਹੋਰ ਜਾਣਕਾਰੀ ਦਿੰਦਿਆਂ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਮਾਹੂਆਣਾ ਵਿਚ ਮਹਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਦਾ ਮਕਾਨ ਸੀ | ਮਹਿੰਦਰ ਸਿੰਘ ਉਕਤ ਪਿਛਲੇ ਕਰੀਬ 10-15 ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਸ਼ਹਿਰ ਬਠਿੰਡਾ ਵਿਖੇ ਰਹਿਣ ਲੱਗ ਪਿਆ ਤੇ ਉਸ ਦਾ ਪਿੰਡ ਮਾਹੂਆਣਾ ਵਾਲਾ ਮਕਾਨ ਖ਼ਾਲੀ ਪਿਆ ਸੀ | ਉਸ ਨੇ ਜਨਵਰੀ 2025 ਵਿਚ ਮਹਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਨਾਲ ਉਸ ਦਾ ਮਕਾਨ ਖ਼ਰੀਦ ਲਿਆ ਸੀ ਤੇ ਮਹਿੰਦਰ ਸਿੰਘ ਵਲੋਂ ਆਪਣੇ ਮਕਾਨ ਦੀ ਬਣਦੀ ਕੀਮਤ ਲੈ ਕੇ ਉਸ ਨੂੰ ਮਕਾਨ ਦਾ ਕਬਜ਼ਾ ਦੇ ਦਿੱਤਾ ਸੀ ਤੇ ਆਪਣੇ ਭਰਾ ਸੁਖਪਾਲ ਸਿੰਘ ਵਾਲੇ ਪਾਸੇ ਕੰਧ ਕਰਵਾ ਦਿੱਤੀ ਸੀ | ਮਲਕੀਤ ਸਿੰਘ ਨੇ ਅੱਗੇ ਦੱਸਿਆ ਕਿ ਮਕਾਨ ਦਾ ਕਬਜ਼ਾ ਲੈਣ ਤੋਂ ਬਾਅਦ ਉਸ ਨੇ ਆਪਣੇ ਨਾਂਅ 'ਤੇ ਪਾਣੀ ਦਾ ਕੁਨੈਕਸ਼ਨ ਵੀ ਮਕਾਨ ਅੰਦਰ ਲਵਾ ਲਿਆ ਸੀ ਤੇ ਉਕਤ ਮਕਾਨ ਉਹ ਆਪਣੇ ਖੇਤੀਬਾੜੀ ਦੇ ਸੰਦਾਂ ਤੇ ਆਪਣੀ ਫ਼ਸਲ ਦੇ ਰੱਖ-ਰਖਾਵ ਲਈ ਵਰਤਦਾ ਸੀ | ਉਸ ਨੇ ਦੱਸਿਆ ਕਿ ਉਹ ਜਦੋਂ ਬੀਤੀ 21 ਸਤੰਬਰ ਨੂੰ ਆਪਣੇ ਨਵੇਂ ਖ਼ਰੀਦੇ ਘਰ ਗੇੜਾ ਮਾਰਨ ਆਇਆ ਤਾਂ ਦੇਖਿਆ ਮਕਾਨ ਦੇ ਮੁੱਖ ਗੇਟ ਅੱਗੇ ਕੰਧ ਕੱਢ ਰੱਖੀ ਸੀ ਤੇ ਮਕਾਨ ਅੰਦਰਲਾ ਸਾਰਾ ਸਮਾਨ ਗ਼ਾਇਬ ਸੀ, ਸੁਖਪਾਲ ਸਿੰਘ ਪੁੱਤਰ ਜੰਗੀਰ ਸਿੰਘ ਨਾਲ ਸਾਂਝੀ ਕੰਧ ਵੀ ਢਾਹੀ ਪਈ ਸੀ | ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਲੰਬੀ ਦੇ ਐੱਸ.ਐੱਚ.ਓ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਕਾਨ 'ਤੇ ਕਬਜ਼ਾ ਕਰਨ ਅਤੇ ਚੋਰੀ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਜਲਦੀ ਗਿ੍ਫ਼ਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |