ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸੇਵਾ ਮੁਕਤ ਪਿ੍ੰਸੀਪਲ ਜਸਵੰਤ ਸਿੰਘ ਬਰਾੜ ਕਾਂਗਰਸ ਪਾਰਟੀ 'ਚ ਲੰਮੇ ਸਮੇਂ ਤੋਂ ਬੁੱਧੀਜੀਵੀ ਸੈੱਲ ਅਤੇ ਹੋਰ ਅਹੁਦਿਆਂ 'ਤੇ ਕੰਮ ਕਰ ਰਹੇ ਹਨ, ਨੇ ਕਿਹਾ ਕਿ ਸਾਰੇ ਦੇਸ਼ ਵਾਂਗ ਇਸ ਜ਼ਿਲ੍ਹੇ 'ਚ ਵੀ ਤਿੰਨ ਮੈਂਬਰੀ ਟੀਮ ਨੇ ਸੰਗਠਨ ਰਚਨਾ ਅਭਿਆਨ ਚਲਾਇਆ ਅਤੇ ਕਈ ਮੀਟਿੰਗਾਂ ਕਰਕੇ ਸਾਰੇ ਵਰਕਰਾਂ 'ਚ ਜੋਸ਼ ਪੈਦਾ ਕੀਤਾ, ਜਿਸ ਦੀ ਸਿੱਟੇ ਵਜੋਂ ਇਸ ਜ਼ਿਲੇ ਦੇ 2 ਵੱਡੇ ਰਾਜਸੀ ਘਰਾਣੇ ਦੇ ਆਗੂ ਕਰਨ ਕੌਰ ਬਰਾੜ ਸਾਬਕਾ ਵਿਧਾਇਕਾ ਸ੍ਰੀ ਮੁਕਤਸਰ ਸਾਹਿਬ ਅਤੇ ਮਹੇਸ਼ਇੰਦਰ ਸਿੰਘ ਬਾਦਲ ਦੇ ਪਰਿਵਾਰ 'ਚੋਂ ਸਪੁੱਤਰ ਫਤਹਿ ਸਿੰਘ ਬਾਦਲ ਇਸ ਦੌੜ 'ਚ ਸ਼ਾਮਿਲ ਹਨ | ਇਸ ਤਰ੍ਹਾਂ ਕੁੱਲ ਪ੍ਰਧਾਨਗੀ ਲਈ 13 ਉਮੀਦਵਾਰ ਹਨ | ਇਹ ਦੋਵੇਂ ਘਰਾਣੇ ਪੰਜਾਬ ਦੀ ਰਾਜਨੀਤੀ 'ਚ ਛਾਏ ਰਹੇ ਹਨ ਅਤੇ ਇਲਾਕੇ 'ਚ ਪੂਰਾ ਰਸੂਖ਼ ਰੱਖਦੇ ਹਨ ਅਤੇ 1957 ਤੋਂ ਹੀ ਚੋਣ ਰਣਨੀਤੀ ਵਿਚ ਹਨ | ਇਨ੍ਹਾਂ ਦੇ ਨਾਲ ਹੀ ਮੌਜੂਦਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਪ੍ਰਧਾਨ ਨਗਰ ਕੌਂਸਲ ਮਲੋਟ, ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਚਰਨਦੀਪ ਸਿੰਘ ਬਾਂਮ, ਸਾਬਕਾ ਬਲਾਕ ਕਾਂਗਰਸ ਪ੍ਰਧਾਨ ਲੰਬੀ ਜੁਗਰਾਜ ਸਿੰਘ ਰੰਧਾਵਾ, ਐੱਸ.ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ, ਸੇਵਾ ਦਲ ਦੇ ਵੱਡੇ ਆਗੂ ਓਮ ਪ੍ਰਕਾਸ਼ ਖਿੱਚੀ ਮਲੋਟ, ਇਸਤਰੀ ਵਿੰਗ ਦੀ ਮੌਜੂਦਾ ਜ਼ਿਲ੍ਹਾ ਪ੍ਰਧਾਨ ਨਵਦੀਪ ਕੌਰ ਸੰਧੂ ਕਾਨਿਆਂਵਾਲੀ, ਨਗਰ ਕੌਂਸਲ ਮਲੋਟ ਦੇ ਐੱਮ.ਸੀ. ਡਾ. ਨੀਲੂ ਰਾਮ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਤੇ ਯੂਥ ਕਾਂਗਰਸ ਤੋਂ ਜ਼ਿਲਾ ਕਾਂਗਰਸ ਤੱਕ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਭਿੰਦਰ ਸ਼ਰਮਾ ਸਾਬਕਾ ਸਰਪੰਚ ਝਬੇਲਵਾਲੀ, ਰਾਜਸੀ ਪਿਛੋਕੜ ਦੇ ਪਿੰਡ ਮਧੀਰ ਤੋਂ ਪ੍ਰਸਿੱਧ ਨੌਜਵਾਨ ਸਮਾਜ ਸੇਵਕ ਅਨੇਕ ਸਿੰਘ ਬਰਾੜ ਜੋ ਕਿ ਸੁਖਪਾਲ ਸਿੰਘ ਖਹਿਰਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ, ਨੌਜਵਾਨ ਕਾਂਗਰਸੀ ਨੇਤਾ ਜਸਪਾਲ ਸਿੰਘ ਔਲਖ ਐਡਵੋਕੇਟ ਮਲੋਟ, ਬਲਾਕ ਸੰਮਤੀ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਚੇਅਰਪਰਸਨ ਗੁਰਵਿੰਦਰ ਕੌਰ ਸੰਧੂ ਜੋ ਕਿ ਸਦਰਵਾਲਾ ਤੋਂ ਇਕ ਬਹੁਤ ਪੁਰਾਣੇ ਕਾਂਗਰਸ ਨਾਲ ਜੁੜੇ ਪਰਿਵਾਰ ਤੋਂ ਹਨ ਅਤੇ ਉਨ੍ਹਾਂ ਦੇ ਪਤੀ ਸ਼ਰਨਜੀਤ ਸੰਧੂ ਬਲਾਕ ਕਾਂਗਰਸ ਕਮੇਟੀ ਦਿਹਾਤੀ ਸ੍ਰੀ ਮੁਕਤਸਰ ਸਾਹਿਬ ਦੇ ਮੌਜੂਦਾ ਪ੍ਰਧਾਨ ਤੇ ਪਿੰਡ ਦੇ ਕਈ ਵਾਰ ਸਰਪੰਚ ਰਹੇ ਹਨ | ਇਸ ਤੋਂ ਇਲਾਵਾ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਦੇ ਯੂਥ ਕਾਂਗਰਸ ਪ੍ਰਧਾਨ ਤੇ ਕਿਸਾਨ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਰਹੇ ਹਨ | ਇਸ ਤਰ੍ਹਾਂ ਹਰ ਵਰਗ ਤੋਂ ਉਮੀਦਵਾਰਾਂ ਦਾ ਸ਼ਾਮਿਲ ਹੋਣਾ ਸਾਬਤ ਕਰਦਾ ਹੈ ਕਿ ਲੋਕਾਂ ਦਾ ਕਾਂਗਰਸ ਪਾਰਟੀ ਦਾ ਬਹੁਤ ਹੀ ਵਿਸ਼ਵਾਸ ਹੈ ਅਤੇ ਇਸ ਨਾਲ ਪਾਰਟੀ ਦਾ ਭਵਿੱਖ ਰੌਸ਼ਨ ਹੈ | ਜਿਵੇਂ ਕਿ ਜ਼ਿਲ੍ਹਾ ਰਾਜਸੀ ਸੋਚ ਦਾ ਧੁਰਾ ਹੈ, ਇੱਥੋਂ 2 ਮੁੱਖ ਮੰਤਰੀ ਰਹੇ ਹਨ ਅਤੇ ਤਿੰਨ ਰਾਜਸੀ ਪਾਰਟੀਆਂ ਦੇ ਸੂਬਾ ਪ੍ਰਧਾਨ ਹਨ, ਇਸ ਲਈ ਇਸ ਜ਼ਿਲ੍ਹੇ ਦੇ ਪ੍ਰਧਾਨ ਦੀ ਚੋਣ ਇਕ ਨਵੀਂ ਦਿਸ਼ਾ ਤੇ ਜੋਸ਼ ਪੈਦਾ ਕਰੇਗੀ | ਇਸ ਲਈ ਹਾਈਕਮਾਂਡ ਅਤੇ ਪ੍ਰਦੇਸ਼ ਕਾਂਗਰਸ ਨੂੰ ਇਹ ਬੇਨਤੀ ਹੈ ਕਿ ਜੇਕਰ ਵਿਧਾਨ ਮੰਡਲਾਂ ਵਿਚ ਪ੍ਰਧਾਨ ਮੰਤਰੀਆਂ ਦੀ ਚੋਣ ਤੇ ਮੁੱਖ ਮੰਤਰੀ ਮੀਟਿੰਗਾਂ ਵਿਚ ਸਰਬਸੰਮਤੀ ਹੋ ਸਕਦੀ ਹੈ ਤਾਂ ਇਨ੍ਹਾਂ ਉਮੀਦਵਾਰਾਂ ਦੀ ਵੀ ਇਕ ਸਾਂਝੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਇਕ ਉੱਪਰ ਸਹਿਮਤ ਹੋਣਾ ਚਾਹੀਦਾ ਹੈ ਤਾਂ ਜੋ ਏਕਤਾ ਦਾ ਸੰਦੇਸ਼ ਇਸ ਜ਼ਿਲੇ੍ਹ ਤੋਂ ਸਾਰੇ ਦੇਸ਼ ਵਿਚ ਜਾਵੇ, ਜਿਸ ਨਾਲ ਪ੍ਰਦੇਸ਼ ਕਾਂਗਰਸ ਦਾ ਵੀ ਕੱਦ ਉੱਚਾ ਹੋਵੇ | ਅਜਿਹਾ ਕਰਨ ਲਈ ਮੈਂਬਰ ਪਾਰਲੀਮੈਂਟ, ਮੈਂਬਰ ਏ.ਆਈ.ਸੀ.ਸੀ. ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨਾਂ ਨੂੰ ਪਹਿਲ ਕਰਨ ਦੀ ਲੋੜ ਹੈ | ਇਸ ਸਮੇਂ ਲੋੜ ਹੈ ਏਕਤਾ ਦੀ ਤਾਂ ਜੋ ਗੁੱਟਬੰਦੀ ਤੋਂ ਬਚ ਕੇ 2027 ਦੀ ਅਸੈਂਬਲੀ ਚੋਣ ਲਈ ਡਟਵੀਂ ਤਿਆਰੀ ਕਰ ਸਕੀਏ | ਜਿਥੇ ਮੁਕਾਬਲਾ ਭਾਜਪਾ, 'ਆਪ' ਅਤੇ ਅਕਾਲੀ ਦਲ ਦੇ ਧੜਿਆਂ ਨਾਲ ਸਖ਼ਤ ਹੋਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਨੂੰ ਸੰਗਠਨ ਰਚਨਾ ਅਭਿਆਨ ਦੀ ਤਰਜ਼ 'ਤੇ ਹੀ ਪਾਰਟੀ ਵਿਚ 2027 ਜਿੱਤ ਅਭਿਆਨ ਚਲਾਉਣ ਦੀ ਲੋੜ ਹੈ, ਜਿਸ ਵਿਚ ਡਾ. ਮਨਮੋਹਨ ਸਿੰਘ ਦੁਆਰਾ ਪਾਸ ਕੀਤਾ ਗਿਆ ਭੋਜਨ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ, ਸਰਵ ਸਿੱਖਿਆ ਅਭਿਆਨ, ਨਰੇਗਾ, ਵਿੱਤ ਕਮਿਸ਼ਨ ਦੀਆਂ ਕਮੇਟੀਆਂ ਅਤੇ ਪੰਚਾਇਤਾਂ ਨੂੰ ਸਮਾਂਬੱਧ ਤੇ ਬੱਝਵੀਆਂ ਗ੍ਰਾਂਟਾਂ ਅਤੇ ਰਾਈਟ ਟੂ ਇਨਫਰਮੇਸ਼ਨ ਵਰਗੇੇ ਅਧਿਕਾਰਾਂ ਬਾਰੇ ਜਾਣੂ ਕਰਵਾ ਕੇ ਮੌਜੂਦਾ ਭੰਬਲ ਭੂਸਿਆਂ ਵਿਚੋਂ ਕੱਢ ਕੇ ਲੋਕਾਂ ਨੂੰ ਸਹੀ ਦਿਸ਼ਾ ਵੱਲ ਜਾਗਰਤ ਕੀਤਾ ਜਾ ਸਕੇ | ਇਸ ਦੇ ਨਾਲ ਹੀ ਪੰਜਾਬ ਵਿਚ ਕਾਂਗਰਸ ਪਾਰਟੀ ਨੂੰ ਸਮਾਜਵਾਦੀ ਸੋਚ ਦੀਆਂ ਧਿਰਾਂ ਨੂੰ ਨਾਲ ਲੈਣ ਦੀ ਲੋੜ ਹੈ |