ਮਲੋਟ, 18 ਦਸੰਬਰ (ਪਾਟਿਲ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਬਾਅਦ ਮਲੋਟ 'ਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਪਿਤਾ ਤੇ ਸਾਬਕਾ ਸੰਸਦ ਮੈਂਬਰ ਪ੍ਰੋਫ਼ੈਸਰ ਸਾਧੂ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਇਹ ਕਾਮਯਾਬੀ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਲਗਾਤਾਰ ਸੰਘਰਸ਼ ਤੇ ਇਕਜੁੱਟ ਮਿਹਨਤ ਦਾ ਨਤੀਜਾ ਹੈ | ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਵਰਕਰਾਂ ਨੇ ਆਪਣੇ ਨਿੱਜੀ ਲਾਭ ਲਈ ਨਹੀਂ, ਸਗੋਂ ਇਲਾਕੇ ਦੀ ਤਰੱਕੀ ਲਈ ਕੰਮ ਕੀਤਾ | ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਕਾਰਜਕਾਲ ਦੌਰਾਨ ਇਲਾਕੇ ਵਿਚ ਰੁਕੀਆਂ ਵਿਕਾਸੀ ਯੋਜਨਾਵਾਂ, ਸੜਕਾਂ ਤੇ ਹੋਰ ਉਸਾਰੂ ਕੰਮ ਪੂਰੇ ਹੋਏ, ਜਿਸ ਨਾਲ ਲੋਕਾਂ ਦਾ ਭਰੋਸਾ ਮਜ਼ਬੂਤ ਹੋਇਆ | ਉਨ੍ਹਾਂ ਮਲੋਟ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਘਰਸ਼ਸ਼ੀਲ ਵਰਕਰ ਕਿਸੇ ਵੀ ਇਲਾਕੇ ਨੂੰ ਪਿੱਛੇ ਨਹੀਂ ਰਹਿਣ ਦਿੰਦੇ ਤੇ ਆਮ ਆਦਮੀ ਪਾਰਟੀ ਅੱਗੋਂ ਵੀ ਲੋਕਾਂ ਦੀ ਭਲਾਈ ਲਈ ਲੜਾਈ ਜਾਰੀ ਰੱਖੇਗੀ |