ਸ੍ਰੀ ਮੁਕਤਸਰ ਸਾਹਿਬ, 19 ਦਸੰਬਰ (ਰਣਜੀਤ ਸਿੰਘ ਢਿੱਲੋਂ)-ਕਿਸਾਨਾਂ ਤੇ ਮਜ਼ਦੂਰਾਂ ਦਾ ਪੱਕਾ ਮੋਰਚਾ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦੂਜੇ ਦਿਨ ਵੀ ਜਾਰੀ ਰਿਹਾ | ਧਰਨੇ ਤੋਂ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਅੱਜ ਮੰਗਾਂ ਦਾ ਹੱਲ ਨਾ ਕੀਤਾ, ਤਾਂ 20 ਦਸੰਬਰ ਨੂੰ ਪੱਕੇ ਮੋਰਚੇ ਰੇਲਵੇ ਲਾਈਨਾਂ 'ਤੇ ਤਬਦੀਲ ਹੋ ਜਾਣਗੇ | ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਠੱਠਾ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਪੰਜਾਬ ਭਰ ਵਿਚ ਸ਼ੁਰੂ ਕੀਤੇ ਪੱਕੇ ਮੋਰਚਿਆਂ ਦੇ ਦਬਾਅ ਹੇਠ ਅੱਜ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਕਿਸਾਨ ਮਜ਼ਦੂਰ ਮੋਰਚੇ ਦੇ ਆਗੂਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੋਰਚੇ ਦੀਆਂ ਮੰਗਾਂ ਸੰਬੰਧੀ ਮੀਟਿੰਗ ਕਰ ਰਹੇ ਹਨ | ਜੇਕਰ ਪੰਜਾਬ ਸਰਕਾਰ ਨੇ ਸ਼ੰਭੂ, ਖਨੌਰੀ ਬਾਰਡਰ 'ਤੇ 19 ਮਾਰਚ ਨੂੰ ਕੀਤੇ ਜ਼ਬਰ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਨਾ ਕੀਤੀ ਤਾਂ 20 ਦਸੰਬਰ ਨੂੰ ਪੱਕੇ ਮੋਰਚੇ ਰੇਲਵੇ ਲਾਇਨਾਂ 'ਤੇ ਤਬਦੀਲ ਕਰ ਦਿੱਤੇ ਜਾਣਗੇ, ਜੋ ਮੰਗਾਂ ਮਨਵਾਉਣ ਤੱਕ ਜਾਰੀ ਰਹਿਣਗੇ | ਇਸ ਮੌਕੇ ਬਲਜੀਤ ਸਿੰਘ ਕਬਰਵਾਲਾ, ਬਲਵਿੰਦਰ ਸਿੰਘ ਹਾਕੂਵਾਲਾ, ਨਿਰਮਲ ਸਿੰਘ ਜੱਸੇਆਣਾ, ਹਰਿੰਦਰ ਸਿੰਘ ਥਾਂਦੇਵਾਲਾ, ਅਰਸ਼ੀ ਮਹਿਣਾ, ਅਵਤਾਰ ਮਿੱਠੜੀ, ਹਰਦਿਆਲ ਸਿੰਘ ਲੁਬਾਣਿਆਂਵਾਲੀ, ਜਸਬੀਰ ਸਿੰਘ ਘੁਮਿਆਰਾ, ਬੰਟੀ ਸੰਗੂਧੌਣ ਆਦਿ ਹਾਜ਼ਰ ਸਨ |