ਗਿੱਦੜਬਾਹਾ, 19 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਦੇ ਜੇਤੂ ਉਮੀਦਵਾਰਾਂ ਦਾ ਐਲਾਨ ਹੋਣ ਉਪਰੰਤ ਹੁਣ ਗਿੱਦੜਬਾਹਾ ਹਲਕੇ ਦੇ ਕੁਝ ਬਲਾਕ ਸੰਮਤੀ ਉਮੀਦਵਾਰਾਂ ਵਲੋਂ ਵੱਖ-ਵੱਖ ੳੱੁਚ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਦਰਖ਼ਾਸਤਾਂ 'ਚ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਦੀ ਗ਼ੁਹਾਰ ਲਗਾਈ ਹੈ | ਸਾਬਕਾ ਚੇਅਰਮੈਨ ਸਾਹਿਬ ਸਿੰਘ ਭੂੰਦੜ ਤੇ ਵੋਟਾਂ ਦੀ ਗਿਣਤੀ ਦੌਰਾਨ ਏਜੰਟ ਰਹੇ ਸ਼ਮਸ਼ੇਰ ਸਿੰਘ ਮਾਨ ਦੌਲਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਤੋਂ ਉਨ੍ਹਾਂ ਦੇ ਬਲਾਕ ਸੰਮਤੀ ਦੇ 4 ਉਮੀਦਵਾਰ ਜ਼ੋਨ ਦੌਲਾ ਤੋਂ ਲਛਮਨ ਸਿੰਘ, ਜ਼ੋਨ ਭੂੰਦੜ ਤੋਂ ਜਤਿੰਦਰ ਸਿੰਘ, ਜ਼ੋਨ ਗਿਲਜੇਵਾਲਾ ਤੋਂ ਪ੍ਰਦੀਪ ਸਿੰਘ, ਜ਼ੋਨ ਸਾਹਿਬਚੰਦ ਤੋਂ ਬਲਵਿੰਦਰ ਸਿੰਘ ਨੂੰ ਵੋਟਾਂ ਦੀ ਗਿਣਤੀ ਦੌਰਾਨ ਜਾਣਬੁੱਝ ਕੇ ਹਰਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਦੌਲਾ ਜ਼ੋਨ ਦੀਆਂ ਵੋਟਾਂ ਦੀ ਗਿਣਤੀ ਦੇਰ ਰਾਤ ਸ਼ੁਰੂ ਕੀਤੀ ਗਈ ਸੀ ਤੇ ਉਨ੍ਹਾਂ ਦੇ ਜ਼ੋਨ ਦੀ ਗਿਣਤੀ ਦੂਜੇ ਨੰਬਰ 'ਤੇ ਕੀਤੀ ਜਾਣੀ ਬਣਦੀ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਉਕਤ ਉਮੀਦਵਾਰਾਂ ਨੂੰ ਕਥਿਤ ਘਪਲੇਬਾਜ਼ੀ ਨਾਲ ਹਰਾਇਆ ਗਿਆ ਹੈ | ਉਕਤ ਉਮੀਦਵਾਰਾਂ ਵਲੋਂ ਮੁੱਖ ਚੋਣ ਕਮਿਸ਼ਨ ਸਮੇਤ ਹੋਰ ਵੱਖ-ਵੱਖ ਅਧਿਕਾਰੀਆਂ ਨੂੰ ਦਰਖ਼ਾਸਤਾਂ ਭੇਜ ਕੇ ਵੋਟਾਂ ਦੀ ਦੁਬਾਰਾ ਨਿਰਪੱਖ ਗਿਣਤੀ ਕਰਵਾਉਣ ਦੀ ਮੰਗ ਕੀਤੀ ਹੈ |