ਸ੍ਰੀ ਮੁਕਤਸਰ ਸਾਹਿਬ, 22 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਣ ਵਿਭਾਗ ਵਲੋਂ ਵੱਡੀ ਕਾਰਵਾਈ ਕਰਦਿਆਂ ਟਾਹਲੀਆਂ ਦੇ ਦਰੱਖ਼ਤ ਵੱਢ ਕੇ ਭਰਿਆ ਇਕ ਟਰਾਲਾ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰੇਂਜ ਅਫ਼ਸਰ ਹਰਦੀਪ ਸਿੰਘ ਹੁੰਦਲ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਲੰਬੀਢਾਬ ਦੇ ਨੇੜੇ ਨਿਊ ਚੌਂਤਰਾ ਮਾਈਨਰ ਤੋਂ ਕੁਝ ਵਿਅਕਤੀ ਟਾਹਲੀ ਦੇ ਦਰੱਖ਼ਤ ਕੱਟ ਰਹੇ ਹਨ, ਤਾਂ ਮਿਲੀ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਜਦੋਂ ਉਹ ਵਣ ਮੰਡਲ ਅਫ਼ਸਰ ਅੰਮਿ੍ਤਪਾਲ ਸਿੰਘ ਬਰਾੜ ਦੀ ਅਗਵਾਈ 'ਚ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤਾਂ ਵੇਖਿਆ ਕਿ ਕੁਝ ਵਿਅਕਤੀ ਸੰਘਣੀ ਧੁੰਦ ਦਾ ਫ਼ਾਇਦਾ ਉਠਾ ਕੇ ਟਾਹਲੀਆਂ ਦੇ ਦਰੱਖ਼ਤ ਕੱਟ ਰਹੇ ਸਨ, ਪਰ ਧੁੰਦ ਜ਼ਿਆਦਾ ਹੋਣ ਕਾਰਨ ਉਕਤ ਵਿਅਕਤੀ ਟਾਹਲੀ ਦੀਆਂ ਲੱਕੜਾਂ ਨਾਲ ਭਰਿਆ ਟਰੈਕਟਰ ਟਰਾਲਾ ਛੱਡ ਕੇ ਭੱਜਣ ਵਿਚ ਕਾਮਯਾਬ ਹੋ ਗਏ | ਸੰਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਮਾਣਯੋਗ ਅਦਾਲਤ ਤੇ ਸੰਬੰਧਿਤ ਥਾਣੇ ਨੂੰ ਭੇਜੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ | ਇਸ ਮੌਕੇ ਰੇਂਜ ਅਫ਼ਸਰ ਹਰਦੀਪ ਸਿੰਘ ਹੁੰਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰੁੱਖਾਂ ਦੀ ਕਟਾਈ ਕਰਨਾ, ਜਿਥੇ ਇਕ ਅਪਰਾਧ ਹੈ, ਉੱਥੇ ਹੀ ਵਾਤਾਵਰਨ ਲਈ ਖ਼ਤਰਾ ਪੈਦਾ ਕਰਦਾ ਹੈ | ਉਨ੍ਹਾਂ ਕਿਹਾ ਕਿ ਵਣ ਵਿਭਾਗ ਦੀ ਟੀਮ 24 ਘੰਟੇ ਰੁੱਖਾਂ ਦੀ ਦੇਖਭਾਲ ਲਈ ਤੱਤਪਰ ਹੈ ਤੇ ਕਿਸੇ ਵੀ ਵਿਅਕਤੀ ਨੂੰ ਰੁੱਖ ਕੱਟਣ ਦੀ ਇਜ਼ਾਜਤ ਨਹੀਂ ਹੈ | ਜੇਕਰ ਕੋਈ ਵਿਅਕਤੀ ਰੁੱਖਾਂ ਦੀ ਕਟਾਈ ਕਰਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਇਸ ਮੌਕੇ ਬਲਾਕ ਅਫ਼ਸਰ ਗੁਰਵਿੰਦਰ ਸਿੰਘ ਸੰਧੂ, ਅਮਨਦੀਪ ਸਿੰਘ ਬਰਾੜ ਵਣ ਗਾਰਡ, ਗੁਰਪ੍ਰੀਤ ਕੌਰ ਵਣ ਗਾਰਡ, ਮਨਜਿੰਦਰ ਸਿੰਘ ਵਣ ਗਾਰਡ, ਹਰਦੀਪ ਸਿੰਘ ਵਣ ਗਾਰਡ ਅਤੇ ਰਾਜਪਾਲ ਸਿੰਘ ਮੇਟ ਆਦਿ ਮੌਜੂਦ ਸਨ |