ਸ੍ਰੀ ਮੁਕਤਸਰ ਸਾਹਿਬ, 22 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਦੀ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਇਕ ਵਾਰ ਫ਼ਿਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ | ਚੋਰੀ ਦਾ ਪਤਾ ਉਦੋਂ ਲੱਗਾ, ਜਦੋਂ ਸਵੇਰੇ ਲਗਪਗ 5 ਵਜੇ ਮੰਦਰ ਦੇ ਪੁਜਾਰੀ ਪੰਡਿਤ ਰਣਜੀਤ ਸ਼ਰਮਾ ਨੇ ਮੰਦਰ ਦਾ ਤਾਲਾ ਖੋਲਿ੍ਹਆ | ਉਨ੍ਹਾਂ ਤੁਰੰਤ ਮੰਦਰ ਕਮੇਟੀ ਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਨੂੰ ਇਸ ਸੰਬੰਧੀ ਸੂਚਨਾ ਦੇ ਕੇ ਮੌਕੇ 'ਤੇ ਬੁਲਾ ਲਿਆ | ਗੋਰਾ ਪਠੇਲਾ ਵਲੋਂ ਪੁਲਿਸ ਟੀਮ ਨੂੰ ਸੂਚਨਾ ਦਿੱਤੀ ਗਈ, ਜਿਸ ਮਗਰੋਂ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਕੀਤੀ | ਇਸ ਦੌਰਾਨ ਜਦੋਂ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਗਏ ਤਾਂ ਦੋ ਵਿਅਕਤੀ ਮੰਦਰ ਦੇ ਉਪਰਲੀ ਛੱਤ ਤੋਂ ਲਮਕ ਕੇ ਹੇਠਾਂ ਆਉਂਦੇ ਵਿਖਾਈ ਦਿੱਤੇ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੰਦਰ ਦਾ ਪਿਛਲਾ ਗੇਟ ਖੋਲ੍ਹ ਕੇ ਫ਼ਰਾਰ ਹੋ ਗਏ | ਚੋਰ ਮੰਦਰ ਦੀ ਨਾਲ ਲਗਦੀ ਛੱਤ ਤੋਂ ਪੌੜੀ ਲਗਾ ਕੇ ਮੰਦਰ ਵਿਚ ਦਾਖ਼ਲ ਹੋਏ ਸਨ, ਜਿੱਥੇ ਚੋਰ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਏ | ਚੋਰਾਂ ਵਲੋਂ ਮੰਦਰ ਵਿਚ ਹਨੂੰਮਾਨ ਜੀ, ਵਿਸ਼ਣੂ ਭਗਵਾਨ, ਰਾਮ ਦਰਬਾਰ ਸਮੇਤ ਹੋਰ ਦੇਵੀ-ਦੇਵਤਾਵਾਂ ਦੀਆਂ ਮੂਰਤੀਆਂ ਅੱਗੇ ਲੱਗੀਆਂ ਗੋਲਕਾਂ ਭੰਨ ਕੇ ਸਾਰੇ ਪੈਸੇ ਕੱਢ ਲਏ ਗਏ | ਵਰਣਨਯੋਗ ਹੈ ਕਿ ਪਿਛਲੇ ਸਾਲ ਵੀ ਮੰਦਰ 'ਚ ਇਸੇ ਤਰ੍ਹਾਂ ਚੋਰਾਂ ਵਲੋਂ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ | ਇਹੀ ਨਹੀਂ ਸ਼ਹਿਰ ਦੇ ਹੋਰ ਮੰਦਰਾਂ 'ਚ ਵੀ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ | ਗੋਰਾ ਪਠੇਲਾ ਤੇ ਮੰਦਰ ਕਮੇਟੀ ਵਲੋਂ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ 'ਤੇ ਨਕੇਲ ਕਸਣ ਅਤੇ ਮੰਦਰ 'ਚ ਚੋਰੀ ਕਰਨ ਵਾਲੇ ਚੋਰਾਂ ਨੂੰ ਫ਼ੜ੍ਹਨ ਦੀ ਮੰਗ ਕੀਤੀ ਗਈ ਹੈ |