ਸ੍ਰੀ ਮੁਕਤਸਰ ਸਾਹਿਬ, 29 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਜਨਤਕ ਸੁਰੱਖਿਆ ਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਸਿਲਸਲੇ ਨੂੰ ਜਾਰੀ ਰੱਖਦਿਆਂ ਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਲੋਕਾਂ 'ਚ ਸਦਭਾਵਨਾ ਬਣਾਈ ਰੱਖਣ ਲਈ ਰੇਲਵੇ ਸਟੇਸ਼ਨਾਂ 'ਤੇ ਵਿਸ਼ੇਸ਼ ਸਰਚ ਆਪ੍ਰੇਸ਼ਨ ਚਲਾਇਆ ਗਿਆ | ਇਹ ਸਰਚ ਅਭਿਆਨ ਜ਼ਿਲ੍ਹਾ ਪੁਲਿਸ ਮੁਖੀ ਅਭਿਮੰਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਦੀਆਂ ਚਾਰੇ ਸਬ ਡਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਤੇ ਲੰਬੀ ਦੇ ਰੇਲਵੇ ਸਟੇਸ਼ਨਾਂ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਚਲਾਇਆ ਗਿਆ | ਐੱਸ.ਐੱਸ.ਪੀ. ਦੀ ਅਗਵਾਈ ਹੇਠ ਬਚਨ ਸਿੰਘ ਡੀ.ਐੱਸ.ਪੀ. (ਸ੍ਰੀ ਮੁਕਤਸਰ ਸਾਹਿਬ), ਅੰਗਰੇਜ਼ ਸਿੰਘ ਡੀ.ਐੱਸ.ਪੀ. (ਮਲੋਟ), ਰਸ਼ਪਾਲ ਸਿੰਘ ਡੀ.ਐੱਸ.ਪੀ. (ਗਿੱਦੜਬਾਹਾ) ਤੇ ਹਰਜੀਤ ਸਿੰਘ ਡੀ.ਐੱਸ.ਪੀ. (ਲੰਬੀ) ਵਲੋਂ ਪੁਲਿਸ ਕਰਮਚਾਰੀਆਂ ਸਮੇਤ ਜ਼ਿਲ੍ਹੇ 'ਚ ਰੇਲਵੇ ਸਟੇਸ਼ਨਾਂ 'ਤੇ ਸਰਚ ਆਪ੍ਰੇਸ਼ਨ ਕੀਤਾ ਗਿਆ | ਇਸ ਵਿਸ਼ੇਸ਼ ਸਰਚ ਆਪ੍ਰੇਸ਼ਨ 'ਚ 220 ਤੋਂ ਵੱਧ ਪੁਲਿਸ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਸਨ | ਇਸ ਮੁਹਿੰਮ ਦੌਰਾਨ ਰੇਲਵੇ ਸਟੇਸ਼ਨਾਂ ਵਿਖੇ ਸ਼ੱਕੀ ਵਿਅਕਤੀਆਂ ਤੇ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਕੀਤੀ ਗਈ | ਪੀ.ਏ.ਆਈ.ਐੱਸ. ਐਪ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਦੇ ਅਪਰਾਧਿਕ ਪਿਛੋਕੜ ਦੀ ਜਾਂਚ ਕੀਤੀ ਗਈ | ਵਾਹਨ ਐਪ ਰਾਹੀਂ ਪਾਰਕਿੰਗ 'ਚ ਖੜ੍ਹੇ ਵਾਹਨਾਂ ਦੀ ਪੁਸ਼ਟੀ ਕੀਤੀ ਗਈ | ਐਂਟੀ-ਸਾਬੋਟਾਜ਼ ਟੀਮਾਂ ਵਲੋਂ ਰੇਲਵੇ ਪਲੇਟਫਾਰਮ, ਵੇਟਿੰਗ ਹਾਲ, ਟਿਕਟ ਘਰ, ਪਾਰਕਿੰਗ ਤੇ ਸਟੇਸ਼ਨ ਦੇ ਆਲੇ-ਦੁਆਲੇ ਇਲਾਕਿਆਂ ਦੀ ਤਲਾਸ਼ੀ ਕੀਤੀ ਗਈ | ਸਟੇਸ਼ਨ 'ਤੇ ਮੌਜੂਦ ਯਾਤਰੀਆਂ ਨਾਲ ਪੁੱਛਗਿੱਛ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤ ਸਮਾਜ ਬਣਾਉਣ ਸੰਬੰਧੀ ਜਾਗਰੂਕ ਕੀਤਾ ਗਿਆ | ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਿਸ ਵਲੋਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਅਜਿਹੇ ਸਰਚ ਆਪ੍ਰੇਸ਼ਨ ਕੀਤੇ ਜਾਣਗੇ |