ਸ੍ਰੀ ਮੁਕਤਸਰ ਸਾਹਿਬ, 29 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਾਲ 2025 ਦੌਰਾਨ ਜ਼ਿਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਵਲੋਂ ਜਿੱਥੇ ਜ਼ਿਲ੍ਹੇ ਦੇ ਲੋਕਾਂ ਨਾਲ ਮਜ਼ਬੂਤ ਸਾਂਝ ਬਣਾਈ ਗਈ, ਉੱਥੇ ਹੀ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਿਆਂ ਖ਼ਿਲਾਫ਼ ਪ੍ਰਭਾਵਸ਼ਾਲੀ ਤੇ ਨਤੀਜਾ ਮੁਖੀ ਕਾਰਵਾਈ ਕਰਦਿਆਂ ਕਈ ਮਹੱਤਵਪੂਰਨ ਪ੍ਰਾਪਤੀਆਂ ਹਾਸਿਲ ਕੀਤੀਆਂ ਗਈਆਂ ਹਨ | ਜ਼ਿਲ੍ਹਾ ਪੁਲਿਸ ਮੁਖੀ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਵਲੋਂ ਲੋਕਾਂ ਨਾਲ ਸਿੱਧਾ ਰਾਬਤਾ ਵਧਾਉਂਦੇ ਹੋਏ ਨਸ਼ਿਆਂ ਖ਼ਿਲਾਫ਼ ਵਿਸ਼ਾਲ ਪੱਧਰ 'ਤੇ ਜਨ ਜਾਗਰੂਕਤਾ ਮੁਹਿੰਮ ਚਲਾਈ ਗਈ | ਇਸ ਦੇ ਨਾਲ-ਨਾਲ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਤੇ ਸਾਇਬਰ ਅਪਰਾਧਾਂ ਤੋਂ ਬਚਾਅ ਸੰਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮਕਸਦ ਲਈ ਪੁਲਿਸ ਵਲੋਂ ਵਿਸ਼ੇਸ਼ ਟੀਮ ਗਠਿਤ ਕੀਤੀ ਗਈ, ਜੋ ਹਰ ਰੋਜ਼ ਦਿਨ ਤੇ ਰਾਤ ਦੇ ਸਮੇਂ ਪਿੰਡਾਂ ਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਜਾ ਕੇ ਪ੍ਰਾਜੈਕਟਰ ਰਾਹੀਂ ਜਨ ਜਾਗਰੂਕਤਾ ਫ਼ਿਲਮਾਂ ਦਿਖਾਉਂਦੀ ਰਹੀ ਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ 1 ਜਨਵਰੀ 2025 ਤੋਂ ਪੂਰੇ ਸਾਲ ਤੱਕ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ 227 ਸਕੂਲ ਤੇ ਕਾਲਜਾਂ, 1740 ਪਿੰਡਾਂ ਤੇ ਸ਼ਹਿਰਾਂ ਤੇ ਹੋਰ ਮਹੱਤਵਪੂਰਨ ਥਾਂਵਾਂ 'ਤੇ ਕੁੱਲ 1967 ਸੈਮੀਨਾਰ ਲਗਾ ਕੇ ਟ੍ਰੈਫ਼ਿਕ ਨਿਯਮਾਂ ਪ੍ਰਤੀ, ਨਸ਼ਿਆਂ ਤੇ ਸਾਇਬਰ ਕ੍ਰਾਈਮ ਬਾਰੇ ਜਾਗਰੂਕ ਕੀਤਾ | ਇਸ ਲਹਿਰ ਵਿਚ ਪਿੰਡਾਂ ਤੇ ਸ਼ਹਿਰਾਂ ਤੇ ਸਕੂਲਾਂ ਤੇ ਕਾਲਜਾਂ ਦੇ ਕੁੱਲ 1,65,787 ਲੋਕਾਂ ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਕੇ ਇਸ ਚੇਤਨਾ ਲਹਿਰ ਨਾਲ ਜੋੜਿਆ ਗਿਆ | ਦੂਜੇ ਪਾਸੇ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਸਾਲ 2025 ਦੌਰਾਨ ਪੂਰੀ ਸਖ਼ਤੀ ਨਾਲ ਕਾਰਵਾਈ ਕਰਦਿਆਂ ਐੱਨ.ਡੀ.ਪੀ.ਐੱਸ. ਐਕਟ ਤਹਿਤ 915 ਮੁਕੱਦਮੇ ਦਰਜ ਕਰਕੇ 1507 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਇਸ ਦੌਰਾਨ 60.582 ਕਿੱਲੋਗ੍ਰਾਮ ਅਫੀਮ, 4916.822 ਕਿੱਲੋਗ੍ਰਾਮ ਪੋਸਤ, 81,300 ਨਸ਼ੀਲੀਆਂ ਗੋਲੀਆਂ/ਕੈਪਸੂਲ, 4.115 ਕਿੱਲੋਗ੍ਰਾਮ ਗਾਂਜਾ, 19.311 ਕਿੱਲੋਗ੍ਰਾਮ ਹੈਰੋਇਨ, 0.008 ਗ੍ਰਾਮ ਭੰਗ, 134 ਨਸ਼ੀਲੀਆਂ ਸ਼ੀਸ਼ੀਆਂ, 23,05,260 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ | ਇਸ ਦੇ ਨਾਲ ਹੀ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ 2025 ਸਾਲ ਦੌਰਾਨ ਜਿਨ੍ਹਾਂ ਸਮਗਲਰਾਂ 'ਤੇ ਐੱਨ.ਡੀ.ਪੀ.ਐੱਸ. ਐਕਟ ਦੇ ਕਮਰਸ਼ੀਅਲ ਕੁਆਂਟਿਟੀ ਦੇ ਮੁਕੱਦਮੇ ਦਰਜ ਸਨ ਤੇ ਉਨ੍ਹਾਂ 40 ਨਸ਼ਾ ਤਸਕਰਾਂ ਵਲੋਂ ਬਣਾਈ ਗਈ ਪ੍ਰਾਪਰਟੀ ਨੂੰ ਕੰਪਟੈਂਟ ਅਥਾਰਟੀ ਦਿੱਲੀ ਪਾਸ ਭੇਜਿਆ ਗਿਆ ਤੇ ਫਰੀਜ਼ ਕਰਵਾਇਆ, ਜਿਨ੍ਹਾਂ ਦੀ ਪ੍ਰਾਪਰਟੀ ਦੀ ਕੁੱਲ 3,75,26,798 ਰੁਪਏ ਕੀਮਤ ਬਣਦੀ ਹੈ | ਇਸੇ ਤਰ੍ਹਾਂ ਐਕਸਾਈਜ਼ ਐਕਟ ਤਹਿਤ 211 ਮੁਕੱਦਮੇ ਦਰਜ ਕਰਕੇ 239 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਨ੍ਹਾਂ ਪਾਸੋਂ 1340.336 ਲੀਟਰ ਨਾਜਾਇਜ਼ ਸ਼ਰਾਬ, 1818.938 ਲੀਟਰ ਸ਼ਰਾਬ, 12,575 ਲੀਟਰ ਲਾਹਣ 6 ਭੱਠੀਆਂ ਅਤੇ 164.531 ਲੀਟਰ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ | ਇਸੇ ਤਰ੍ਹਾਂ ਟ੍ਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਵੀ ਪੁਲਿਸ ਨੇ ਮੁਸਤੈਦੀ ਨਾਲ ਭੂਮਿਕਾ ਨਿਭਾਈ | ਇਸ ਲਈ ਜ਼ਿਲ੍ਹੇ 'ਚ ਪੁਲਿਸ ਨੇ ਸਾਲ ਦੌਰਾਨ ਅਦਾਲਤੀ ਤੇ ਨਗਦ ਦੇ ਕੁੱਲ 44,232 ਚਲਾਨ ਕੀਤੇ ਤੇ 3,17,31,100 ਰੁਪਏ ਦਾ ਜੁਰਮਾਨਾ ਕੀਤਾ ਗਿਆ | ਇਸੇ ਤਰ੍ਹਾਂ ਜ਼ਿਲ੍ਹੇ 'ਚ ਪੁਲਿਸ ਵਿਭਾਗ ਵਲੋਂ ਪਿਛਲੇ ਸਾਲ ਦੀਆਂ ਪੈਂਡਿੰਗ ਦਰਖ਼ਾਸਤਾਂ ਤੇ ਸਾਲ 2025 ਪੀ.ਜੀ.ਡੀ. ਪੋਰਟਲ ਤੇ ਪੀ.ਸੀ. ਦੀਆਂ ਕੁੱਲ 5110 ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਕਰਦੇ ਹੋਏ 3,939 ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਲੋਕਾਂ ਨੂੰ ਇਨਸਾਫ਼ ਦਿਵਾਇਆ ਗਿਆ | ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਮਾਣਯੋਗ ਅਦਾਲਤ ਵਲੋਂ ਪੀ.ਓ. ਤੇ ਭਗੌੜੇ ਘੋਸ਼ਿਤ ਕੀਤੇ 143 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਕੀਤਾ ਗਿਆ, ਜਿਨ੍ਹਾਂ ਨੂੰ ਮਾਣਯੋਗ ਅਦਾਲਤ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਅਗਲੀ ਕਾਨੂੰਨੀ ਕਾਰਵਾਈ ਆਰੰਭ ਕੀਤੀ ਗਈ |