ਬੁਢਲਾਡਾ, 1 ਜੂਨ (ਸਵਰਨ ਸਿੰਘ ਰਾਹੀ)-3 ਜੁਲਾਈ ਤੋਂ ਲਗਾਤਾਰ ਮਹੀਨਾ ਚੱਲਣ ਵਾਲੀ ਸ੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੇਵਾ ਲਈ ਖਾਣ ਪੀਣ ਦੀਆਂ ਵਸਤਾਂ ਦੇ ਵਿਸ਼ਾਲ ਭੰਡਾਰੇ ਲਗਾਉਣ ਵਾਲੀਆਂ ਬੁਢਲਾਡਾ ਸ਼ਹਿਰ ਦੀਆਂ ਵੱਖ-ਵੱਖ ਸੇਵਾ ਸੰਸਥਾਵਾਂ ਦੀਆਂ ਕੁੱਲ ਹਿੰਦ ਬਰਾਂਚਾਂ ਦੀਆਂ ਮੀਟਿੰਗਾਂ ਹੋਈਆਂ | ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਵਲੋਂ 3 ਜੁਲਾਈ ਤੋਂ 9 ਅਗਸਤ ਤੱਕ ਜੰਮੂ-ਕਸ਼ਮੀਰ ਦੇ ਬਾਲਟਾਲ ਵਿਖੇ ਲਗਾਏ ਜਾਣ ਵਾਲੇ ਸਾਲਾਨਾ ਭੰਡਾਰੇ ਦੀਆਂ ਤਿਆਰੀਆਂ ਸਬੰਧੀ ਸੰਸਥਾ ਦੀਆਂ ਦੇਸ਼ ਭਰ ਦੀਆਂ ਬਰਾਂਚਾਂ ਦਾ ਸੰਮੇਲਨ ਕੌਮੀ ਪ੍ਰਧਾਨ ਕਰਮਜੀਤ ਸਿੰਘ ਮਾਘੀ ਦੀ ਅਗਵਾਈ ਹੇਠ ਹੋਇਆ | ਜਾਣਕਾਰੀ ਦਿੰਦਿਆਂ ਚੇਅਰਮੈਨ ਸਤੀਸ਼ ਕੁਮਾਰ ਪਟਵਾਰੀ ਨੇ ਦੱਸਿਆ ਕਿ ਦੇਸ਼ ਭਰ ਦੀਆਂ ਬਰਾਂਚਾਂ ਦੇ ਸਹਿਯੋਗ ਨਾਲ ਲੱਗਣ ਵਾਲੇ ਭੰਡਾਰੇ ਚ ਯਾਤਰੂਆਂ ਦੀ ਸਹੂਲਤ ਲਈ ਖਾਣ-ਪੀਣ ਅਤੇ ਮੈਡੀਕਲ ਸਹੂਲਤ ਉਪਲਬਧ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਭੰਡਾਰੇ ਲਈ ਸ਼ੈੱਡ ਤੇ ਸਮਗਰੀ ਦੇ 4 ਟਰੱਕ 17 ਜੂਨ ਨੂੰ ਅਤੇ 24 ਜੂਨ ਨੂੰ 5 ਟਰੱਕ ਰਸਦ ਅਤੇ ਸੇਵਾਦਾਰਾਂ ਨੂੰ ਲੈ ਕੇ ਬੁਢਲਾਡਾ ਤੋਂ ਰਵਾਨਾ ਹੋਣਗੇ | ਇਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਰਾਸ਼ਟਰਪਤੀ ਅਵਾਰਡੀ ਪੰਡਿਤ ਸੁਰੇਸ਼ ਸ਼ਰਮਾ ਜੈਪੁਰ ਅਤੇ ਹੋਰਨਾਂ ਬੁਲਾਰਿਆਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਤੋਂ ਸ਼ਿਵਜੀ ਮਹਾਰਾਜ ਦੇ ਦਰਸ਼ਨਾਂ ਲਈ ਸ੍ਰੀ ਅਮਰਨਾਥ ਦੀ ਯਾਤਰਾ ਕਰਨ | ਸਮਾਗਮ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਚੋਂ ਪੁੱਜੇ ਅਹੁਦੇਦਾਰਾਂ ਦਾ ਸੰਸਥਾ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਠੇਕੇਦਾਰ ਗੁਰਪਾਲ ਸਿੰਘ, ਰਵਿੰਦਰ ਕੁਮਾਰ ਗੁੱਡੂ, ਰਾਜੇਸ਼ ਬਿਹਾਰੀ ਬਿੱਲਾ ਸਮੇਤ ਸੰਸਥਾ ਦੇ ਸਮੂਹ ਮੈਂਬਰ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ |