ਮਾਨਸਾ, 1 ਜੂਨ (ਸੱਭਿ.ਪ੍ਰਤੀ)- ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਨੇ ਗੋਨੇਆਣਾ ਦੇ ਨੌਜਵਾਨ ਪ੍ਰਾਈਵੇਟ ਟੀਚਰ ਨਰਿੰਦਰਦੀਪ ਸਿੰਘ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਸੇਵਾ ਮੁਕਤ ਜੱਜ/ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਹੈ | ਪਾਰਟੀ ਦੇ ਸੂਬਾਈ ਆਗੂ ਕਾ. ਸੁਖਦਰਸ਼ਨ ਸਿੰਘ ਨੱਤ ਨੇ ਪੰਜਾਬ ਸਰਕਾਰ 'ਤੇ ਤਨਜ਼ ਕਸਦਿਆਂ ਕਿਹਾ ਕਿ ਪੁਲਿਸ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ, ਜਿਸ ਕਰਕੇ ਉਹ ਨੌਜਵਾਨਾਂ 'ਤੇ ਤਸ਼ੱਦਦ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਐਫ਼.ਆਈ.ਆਰ ਵਿਚ ਜੋ ਗੈਰ ਇਰਾਦਤਨ ਕਤਲ ਦੀ ਧਾਰਾ ਲਗਾਈ ਹੈ, ਉਸ ਦੀ ਬਜਾਏ ਸਿੱਧੀ ਕਤਲ ਦੀ ਧਾਰਾ ਲਗਾਈ ਜਾਵੇ | ਲਿਬਰੇਸ਼ਨ ਨੇ ਕਤਲ ਕਾਂਡ ਸਬੰਧੀ ਬਣੀ ਐਕਸ਼ਨ ਕਮੇਟੀ ਵਲੋਂ ਇਨਸਾਫ਼ ਲੈਣ ਲਈ 5 ਜੂਨ ਨੂੰ ਐਸ.ਐਸ.ਪੀ. ਬਠਿੰਡਾ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਨੂੰ ਪੂਰਨ ਹਮਾਇਤ ਦੇਣਾ ਦਾ ਐਲਾਨ ਕੀਤਾ ਹੈ |