ਬੁਢਲਾਡਾ, 1 ਜੂਨ (ਸਵਰਨ ਸਿੰਘ ਰਾਹੀ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਪਿੰਡ ਗੁਰਨੇ ਕਲਾਂ ਵਿਖੇ ਲਗਾਏ ਗਏ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਦੀ ਮੁੱਢਲੀ ਜਾਣਕਾਰੀ ਦਿੱਤੀ ਗਈ | ਸਕੂਲ ਅਧਿਆਪਕ ਬੇਅੰਤ ਕੌਰ, ਬਲਜੀਤ ਸਿੰਘ ਅਤੇ ਸਰਬਜੀਤ ਕੌਰ ਵਲੋਂ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਸਿਖਾਉਣ ਲਈ ਵੱਖ-ਵੱਖ ਕਿਰਿਆਵਾਂ ਕਰਵਾਈਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਪਿਆਰਾ ਸਿੰਘ ਗੁਰਨੇ ਕਲਾਂ ਨੇ ਦੱਸਿਆ ਕਿ ਇਸ ਸਿਖਲਾਈ ਦਾ ਮਕਸਦ ਵਿਦਿਆਰਥੀਆਂ ਨੂੰ ਵੱਖ ਵੱਖ ਰਾਜਾਂ ਦੀਆਂ ਭਾਸ਼ਾਵਾਂ, ਸਭਿਆਚਾਰ, ਖਾਣ ਪੀਣ , ਪਹਿਨਣ ਆਦਿ ਤੋਂ ਜਾਣੂ ਕਰਵਾਉਣਾ ਸੀ ਤਾਂ ਜੋ ਉਹ ਸਮਝ ਸਕਣ ਕਿ ਭਾਰਤ ਭਿੰਨਤਾਵਾਂ ਦਾ ਦੇਸ਼ ਹੋਣ ਦੇ ਬਾਵਜੂਦ ਇੱਕ ਲੜੀ ਵਿਚ ਪਰੋਇਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਭਾਰਤ ਦੀਆਂ ਵੱਖ- ਵੱਖ ਭਾਸ਼ਾਵਾਂ ਸਿੱਖਣ ਲਈ ਦੋ-ਦੋ ਰਾਜਾਂ ਦੇ ਜੋੜੇ ਬਣਾਏ ਗਏ ਹਨ | ਪੰਜਾਬ ਦਾ ਜੋੜਾ ਆਂਧਰਾ ਪ੍ਰਦੇਸ਼ ਰਾਜ ਨਾਲ ਹੈ | ਜਿੱਥੇ ਆਂਧਰਾ ਪ੍ਰਦੇਸ਼ ਦਾ ਵਿਦਿਆਰਥੀ ਪੰਜਾਬੀ ਸਿੱਖ ਰਿਹਾ ਹੈ ਉੱਥੇ ਹੀ ਪੰਜਾਬ ਦਾ ਆਂਧਰਾ ਪ੍ਰਦੇਸ਼ ਦੀ ਤੇਲਗੂ ਭਾਸ਼ਾ | ਕੈਂਪ ਦੇ ਅਖੀਰਲੇ ਦਿਨ ਵਿਦਿਆਰਥੀਆਂ ਦੁਆਰਾ ਤਿਆਰ ਕੀਤੀ ਸਮਗਰੀ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਮਾਪੇ ਅਧਿਆਪਕ ਮਿਲਣੀ ਦੌਰਾਨ ਸਮੂਹ ਵਿਦਿਆਰਥੀਆਂ, ਸਟਾਫ਼ ਤੇ ਮਾਪਿਆਂ ਨੇ ਦੇਖਿਆ |