ਜੋਗਾ, 1 ਜੂਨ (ਹਰਜਿੰਦਰ ਸਿੰਘ ਚਹਿਲ)-ਗੁਰਮਤਿ ਸਿਖਲਾਈ ਕੈਂਪਾਂ ਦਾ ਮਕਸਦ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਪ੍ਰੀਤ ਸਿੰਘ ਝੱਬਰ ਨੇ ਪਿੰਡ ਝੱਬਰ ਵਿਖੇ ਗੁਰਮਤਿ ਸਿਖਲਾਈ ਕੈਂਪਾਂ ਦੀ ਸ਼ੁਰੂਆਤ ਕਰਨ ਮੌਕੇ ਕੀਤਾ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਦਿਨ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕਾਰਜ ਕਰਦੀ ਹੈ, ਜਿਸ ਲਈ ਥਾਂ-ਥਾਂ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਹਲਕਾ ਜੋਗਾ 'ਚ ਪਿਛਲੇ 10 ਸਾਲਾਂ ਤੋਂ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਅਤੇ ਹਲਕੇ ਦੇ 54 ਪਿੰਡਾਂ 'ਚ ਕੈਂਪਾਂ ਦੀ ਸ਼ੁਰੂਆਤ ਹੋ ਗਈ ਹੈ ਜਿੱਥੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ 'ਚ ਗੁਰਮਤਿ ਦੀ ਸਿੱਖਿਆ ਦਿੱਤੀ ਜਾਵੇਗੀ | ਉਨ੍ਹਾਂ ਆਖਿਆ ਕਿ ਕੈਂਪਾਂ 'ਚ ਹਲਕੇ ਨੂੰ 2 ਜ਼ੋਨਾਂ 'ਚ ਵੰਡਿਆਂ ਗਿਆ ਹੈ ਅਤੇ 1 ਤੋਂ 12 ਜੂਨ ਤੱਕ 32 ਪਿੰਡਾਂ 'ਚ ਕੈਂਪ ਲਗਾਏ ਜਾ ਰਹੇ ਹਨ ਅਤੇ 14 ਤੋ 28 ਜੂਨ ਤੱਕ ਦੂਜੇ ਬਾਕੀ ਰਹਿੰਦੇ ਪਿੰਡਾਂ 'ਚ ਕੈਂਪ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ 16 ਪਿੰਡਾਂ 'ਚ ਸਵੇਰ 7 ਤੋਂ 9 ਵਜੇ ਤੱਕ ਕੈਂਪ ਲੱਗਦੇ ਹਨ ਜਦਕਿ ਕੁਝ ਪਿੰਡਾਂ 'ਚ ਸ਼ਾਮ ਦੇ ਕੈਂਪ ਲੱਗ ਰਹੇ ਹਨ |