ਬਰੇਟਾ, 1 ਜੂਨ (ਪਾਲ ਸਿੰਘ ਮੰਡੇਰ)- ਅਲੋਪ ਹੋ ਰਹੇ ਰਵਾਇਤੀ ਰੁੱਖਾਂ ਨੂੰ ਬਚਾਉਣ ਲਈ ਮਾਸਟਰ ਗੁਰਵਿੰਦਰ ਸਿੰਘ ਦਿਆਲਪੁਰਾ ਅਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਛੇਹਰਟਾ ਸਾਹਿਬ ਵਲੋਂ ਪੰਜਾਬ ਯਾਤਰਾ 1 ਜੂਨ ਤੋਂ ਸ਼ੁਰੂ ਕਰ ਦਿੱਤੀ ਗਈ ਹੈ | ਗੁਰਵਿੰਦਰ ਸਿੰਘ ਨੇ ਦੱਸਿਆ ਕਿ ਯਾਤਰਾ ਦਾ ਮੁੱਖ ਮਕਸਦ ਅਲੋਪ ਹੋ ਰਹੇ ਰਵਾਇਤੀ ਰੁੱਖ ਜਿਵੇਂ ਨਿੰਮ, ਪਿੱਪਲ, ਕਿੱਕਰ, ਟਾਹਲੀ, ਬੋਹੜ, ਦੇਸੀ ਬੇਰੀ, ਜੰਡ, ਢੱਕ, ਅਰਜਨ ਤੂਤ ਅਤੇ ਵਣ ਨੂੰ ਵੱਧ ਤੋਂ ਵੱਧ ਲਗਾਉਣਾ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਮਸ਼ੀਨਰੀ ਯੁੱਗ ਵਿਚ ਵਿਕਾਸ ਦੇ ਨਾਂਅ 'ਤੇ ਰੁੱਖਾਂ ਦੀ ਬਹੁਤ ਕਟਾਈ ਹੋ ਰਹੀ ਅਤੇ ਹੁਣ ਲੋਕਾਂ ਦੇ ਘਰਾਂ ਵਿਚ ਸਜਾਵਟੀ ਬੂਟੇ ਹੀ ਜ਼ਿਆਦਾ ਵੇਖਣ ਨੂੰ ਮਿਲਦੇ ਜਿਨ੍ਹਾਂ ਦਾ ਆਮ ਜੀਵਨ ਵਿਚ ਜ਼ਿਆਦਾ ਲਾਭ ਨਹੀਂ ਹੁੰਦਾ, ਇਸ ਸਾਨੂੰ ਵੱਧ ਤੋਂ ਵੱਧ ਰਵਾਇਤੀ ਰੁੱਖ ਹੀ ਲਗਾਉਣੇ ਚਾਹੀਦੇ ਹਨ | ਉਨ੍ਹਾਂ ਵੱਲੋਂ ਮੋਟਰ ਸਾਈਕਲ ਤੇ ਪਿੰਡ ਦਿਆਲਪੁਰਾ ਤੋਂ ਸ਼ੁਰੂ ਕੀਤੀ ਯਾਤਰਾ ਪੂਰੇ ਪੰਜਾਬ ਵਿਚ ਕੱਢੀ ਜਾਵੇਗੀ | ਇੱਥੇ ਇਹ ਵੀ ਦੱਸਣ ਯੋਗ ਹੈ ਉਨ੍ਹਾਂ ਦੇ ਸਾਥੀ ਲਵਪ੍ਰੀਤ ਸਿੰਘ ਵਲੋਂ ਆਰਥਿਕ ਤੰਗੀਆਂ ਦੇ ਬਾਵਜੂਦ ਪੈਦਲ ਪੂਰੇ ਭਾਰਤ ਦੀ ਯਾਤਰਾ ਕੀਤੀ ਗਈ ਹੈ |