ਮਾਨਸਾ, 3 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਨਰਮੇ ਦੀ ਫ਼ਸਲ ਦਾ ਨਿਰੀਖਣ ਕਰਨ ਲਈ ਤਾਮਕੋਟ, ਖਿਆਲਾ ਕਲਾਂ, ਕੋਟੜਾ ਆਦਿ ਪਿੰਡਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ | ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਨਿਰੀਖਣ ਦੌਰਾਨ ਦੇਖਿਆ ਗਿਆ ਕਿ ਨਰਮੇ ਦੀ ਫ਼ਸਲ ਵਿਚ ਇਸ ਸਮੇਂ ਕੋਈ ਵੀ ਬਿਮਾਰੀ ਅਤੇ ਕੀੜੇ ਮਕੌੜੇ ਦਾ ਹਮਲਾ ਨਹੀਂ ਹੈ | ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮੇ ਦੇ ਖੇਤਾਂ ਦਾ ਦੌਰਾ ਸਵੇਰੇ 10 ਵਜੇ ਤੋਂ ਪਹਿਲਾਂ ਕੀਤਾ ਜਾਵੇ | ਉਸ ਵਕਤ ਕੀੜਿਆਂ ਦੀ ਗਿਣਤੀ ਸਹੀ ਪਤਾ ਲਗਦੀ ਹੈ | ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਵਿਚ ਜ਼ਮੀਨ ਦੀ ਕਿਸਮ ਮੁਤਾਬਿਕ ਪਹਿਲਾ ਪਾਣੀ ਬਿਜਾਈ ਤੋਂ 4 ਹਫ਼ਤੇ ਤੋਂ 6 ਹਫ਼ਤੇ ਬਾਅਦ ਲਾਇਆ ਜਾਵੇ, ਜਿਸ ਨਾਲ ਬੂਟੇ ਦੀ ਜੜ੍ਹ ਦਾ ਵਧੀਆ ਵਾਧਾ ਹੁੰਦਾ ਹੈ ਅਤੇ ਜੜ੍ਹ ਸਹੀ ਪਾਣੀ ਲੈ ਸਕਦੀ ਹੈ | ਉਨ੍ਹਾਂ ਕਿਹਾ ਕਿ ਦਰਮਿਆਨੀਆਂ ਉਪਜਾਊ ਜ਼ਮੀਨਾਂ ਲਈ 90 ਕਿੱਲੋ ਯੂਰੀਆ ਫੁੱਲ ਨਿਕਲਣ ਤੱਕ 3 ਬਰਾਬਰ ਕਿਸ਼ਤਾਂ ਵਿਚ ਪਾਇਆ ਜਾਵੇ | ਟੀਮ 'ਚ ਡਾ. ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ), ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫ਼ਸਰ (ਟੀ.ਏ.), ਡਾ. ਹਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਮਾਨਸਾ, ਸੁਖਵਿੰਦਰ ਸਿੰਘ, ਖੇਤੀਬਾੜੀ ਉਪ ਨਿਰੀਖਕ, ਕਿਸਾਨ ਗੁਰਤੇਜ ਸਿੰਘ ਆਦਿ ਸ਼ਾਮਿਲ ਸਨ |
ਨਰਮੇ ਦੀ ਫ਼ਸਲ 'ਤੇ ਹਾਲ ਦੀ ਘੜੀ ਕੋਈ ਹਮਲਾ ਨਹੀਂ-ਮੁੱਖ ਖੇਤੀਬਾੜੀ ਅਫ਼ਸਰ <br/>
ਨਰਮੇ ਦੇ ਬੂਟਿਆਂ ਦਾ ਨਿਰੀਖਣ ਕਰਦੀ ਹੋਈ ਖੇਤੀਬਾੜੀ ਵਿਭਾਗ ਦੀ ਟੀਮ | ਅਜੀਤ ਤਸਵੀਰ <br/>
04-06-2025