ਭੀਖੀ, 3 ਜੂਨ (ਬਲਕਾਰ ਸਿੰਘ ਸਹੋਤਾ)-ਪਿਛਲੇ ਹਫ਼ਤੇ ਤੋਂ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਨ ਜਿੱਥੇ ਸ਼ਹਿਰ 'ਚ ਸਫ਼ਾਈ ਦਾ ਮੰਦਾ ਹਾਲ ਹੈ ਉੱਥੇ ਗੰਦਗੀ ਦੇ ਢੇਰ ਹਰ ਸੜਕ-ਚੌਰਾਹੇ 'ਤੇ ਲੱਗੇ ਹੋਏ ਹਨ, ਜਿਸ ਕਰਕੇ ਲੋਕਾਂ ਨੂੰ ਵੀ ਦਿੱਕਤਾਂ ਆ ਰਹੀਆਂ ਹਨ | ਜਾਗਰੂਕ ਸ਼ਹਿਰੀਆਂ ਨੇ ਨਗਰ ਪੰਚਾਇਤ ਤੋਂ ਮੰਗ ਕੀਤੀ ਹੈ ਕਿ ਜਿੰਨੀ ਦੇਰ ਤੱਕ ਸਫ਼ਾਈ ਕਰਮਚਾਰੀ ਹੜਤਾਲ 'ਤੇ ਹਨ ਉੁਨੇ ਸਮੇਂ ਲਈ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਵੇ ਤਾਂ ਜੋ ਗੰਦ ਕਾਰਨ ਆ ਰਹੀ ਪ੍ਰੇਸ਼ਾਨੀ ਅਤੇ ਮੌਸਮੀ ਬਿਮਾਰੀਆਂ ਦੇ ਫੈਲਣ ਤੋਂ ਬਚਾਅ ਹੋ ਸਕੇ | ਕਿਸਾਨ ਆਗੂ ਗੁਰਨਾਮ ਸਿੰਘ ਭੀਖੀ ਤੇ ਲਿਬਰੇਸ਼ਨ ਦੇ ਦਰਸ਼ਨ ਸਿੰਘ ਟੇਲਰ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਸਫ਼ਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਨੂੰ ਧਿਆਨ ਨਾਲ ਵਾਚਦੇ ਹੋਏ ਸਮੱਸਿਆ ਦਾ ਹੱਲ ਜਲਦੀ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਸਫ਼ਾਈ ਕਰਮਚਾਰੀਆਂ ਦੀ ਮੰਗਾਂ ਨੂੰ ਹਮਦਰਦੀ ਨਾਲ ਵਿਚਾਰੇ ਅਤੇ ਬਣਦੇ ਹੱਕ ਤੁਰੰਤ ਅਦਾ ਕੀਤੇ ਜਾਣ | ਉਨ੍ਹਾਂ ਨਗਰ ਪੰਚਾਇਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਾਰਸ਼ਾਂ ਤੋਂ ਪਹਿਲਾਂ ਆਗਾਮੀ ਪ੍ਰਬੰਧਾਂ ਤਹਿਤ ਨਿਕਾਸੀ ਨਾਲੇ-ਨਾਲੀਆਂ ਦੀ ਸਫ਼ਾਈ ਦੇ ਨਾਲ ਨਾਲ ਮੱਛਰ ਤੋਂ ਬਚਾਅ ਲਈ ਫੋਗਿੰਗ ਆਦਿ ਦੇ ਪ੍ਰਬੰਧ ਵੀ ਕੀਤੇ ਜਾਣ | ਉੱਧਰ ਨਗਰ ਦੇ ਅਹਿਮ ਸਥਾਨ ਗੁਰਦੁਆਰਾ ਚੌਂਕ ਵਿਖੇ ਗੰਦਗੀ ਦੇ ਢੇਰ ਲੱਗੇ ਹਨ | ਦੱਸ ਦੇਈਏ ਕਿ ਇਹ ਜਗ੍ਹਾ ਕਈ ਧਾਰਮਿਕ ਸਥਾਨਾਂ ਨਾਲ ਘਿਰੀ ਹੋਈ ਹੈ ਅਤੇ ਰੋਜ਼ਾਨਾ ਸੈਂਕੜੇ ਸ਼ਰਧਾਲੂ ਮੰਦਰਾਂ ਤੇ ਗੁਰਦੁਆਰਾ ਵਿਖੇ ਸਿਜਦਾ ਕਰਨ ਆਉਂਦੇ ਹਨ ਪਰ ਥਾਂ-ਥਾਂ ਪਈ ਗੰਦਗੀ ਕਾਰਨ ਉਨ੍ਹਾਂ ਨੂੰ ਪੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ |