ਬੋਹਾ, 2 ਸਤੰਬਰ (ਰਮੇਸ਼ ਤਾਂਗੜੀ)- ਕਸਬਾ ਬੋਹਾ ਵਿਖੇ ਕਈ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਵਰਖਾ ਅਤੇ ਅੱਜ ਪਏ ਮੋਹਲ਼ੇਧਾਰ ਮੀਂਹ ਕਾਰਨ ਮੁੜ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ | ਭਾਵੇਂ ਕਸਬੇ ਦੇ ਕਈ ਨੌਜਵਾਨਾਂ ਨੇ ਇਕ ਵਾਰ ਸੀਵਰੇਜ ਦੇ ਚੈਂਬਰਾਂ ਦੀਆਂ ਮੋਟਰਾਂ ਚਲਾ ਕੇ ਅਤੇ ਫ਼ਿਲਟਰ ਸਾਫ਼ ਕਰ ਕੇ ਸ਼ਹਿਰ ਦਾ ਸਾਰਾ ਪਾਣੀ ਗਾਮੀਵਾਲਾ ਡਰੇਨ 'ਚ ਪਾ ਕੇ ਆਵਾਜਾਈ ਚਾਲੂ ਕਰ ਦਿੱਤੀ ਸੀ ਪਰ ਅੱਜ ਪਏ ਮੀਂਹ ਨੇ ਗਾਦੜਾਂ ਸੜਕ, ਮਾਡਲ ਟਾਊਨ ਵਾਰਡ ਨੰਬਰ 11, ਸਕੂਲ ਬਸਤੀ, ਗੇਟ ਵਾਲਾ ਅੱਡਾ, ਮੰਦਰ-ਧਰਮਸ਼ਾਲਾ ਗਲੀ, ਥਾਣਾ, ਉੱਡਤ ਤੇ ਗਊਸ਼ਾਲਾ ਸੜਕ, ਬੱਸ ਅੱਡਾ ਮਾਰਕਿਟ ਕਮੇਟੀ, ਐਸ.ਬੀ.ਆਈ. ਬੈਂਕ, ਨੈਸ਼ਨਲ ਬੈਂਕ, ਪੰਜਾਬ ਸਿੰਧ ਬੈਂਕ, ਐਚ.ਡੀ.ਐਫ.ਸੀ. ਬੈਂਕ, ਸਬਜ਼ੀ ਮੰਡੀ ਆਦਿ ਥਾਵਾਂ 'ਤੇ 4-4 ਫੁੱਟ ਪਾਣੀ ਖੜ੍ਹ ਗਿਆ ਹੈ | ਨੌਜਵਾਨ ਮੋਟਰਾਂ ਰਾਹੀਂ ਪਾਣੀ ਕੱਢ ਰਹੇ ਪਰ ਵਾਰਡ ਨੰਬਰ 11 ਨਾਲ ਸਬੰਧਿਤ 10 ਮੈਂਬਰੀ ਨਗਰ ਸੁਧਾਰ ਸਭਾ ਦੇ ਮੈਂਬਰ ਵੱਧ ਪਾਣੀ ਆ ਜਾਣ 'ਤੇ ਘਰਾਂ 'ਚ ਹੀ ਫਸੇ ਰਹਿ ਗਏ ਹਨ | ਦੂਜੇ ਪਾਸੇ ਸ਼ਹਿਰ ਦੇ ਸਾਰੇ ਛੋਟੇ-ਵੱਡੇ ਨਾਲੇ ਰਿਉਂਦ ਖ਼ੁਰਦ ਤੋਂ ਮਲਕੋਂ ਤੱਕ ਨੱਕੋਂ ਨੱਕ ਹੋ ਕੇ ਵਗ ਰਹੇ ਹਨ | ਤੀਜਾ ਘੱਗਰ ਨਦੀ 'ਚ ਪਾਣੀ ਦਾ ਵਹਾਅ ਦੁੱਧ ਦੇ ਉਬਾਲੇ ਵਾਂਗ ਕਦੇ ਵਧਦਾ ਤੇ ਕਦੇ ਘਟਦਾ ਹੈ ਪਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ | ਵੱਡੀ ਗਿਣਤੀ 'ਚ ਪਿੰਡਾਂ ਦੇ ਲੋਕ ਟਰੈਕਟਰ-ਟਰਾਲੀਆਂ ਭਰ ਕੇ ਬੰਨ੍ਹ 'ਤੇ ਮਿੱਟੀ ਪਾ ਰਹੇ ਹਨ ਪਰ ਨਿਯਮਾਂ ਮੁਤਾਬਿਕ ਬੰਨ੍ਹ ਤੇ ਭਾਖੜਾ ਨਹਿਰ ਦੀਆਂ ਪਟੜੀਆਂ ਤੋਂ ਉੱਚਾ ਕਰ ਕੇ ਮਿੱਟੀ ਪਾਉਣ 'ਤੇ ਰੋਕ ਲਗਾ ਦਿੱਤੀ ਹੈ | ਵਾਰਡ ਨੰਬਰ 11 'ਚ ਸੁਰੇਸ਼ ਕੁਮਾਰ ਦਾ ਮਕਾਨ ਰਾਤ ਨੂੰ ਡਿੱਗਣ ਕਾਰਨ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਸ ਨੂੰ ਘਰ ਦਾ ਸਮਾਨ ਹੋਰ ਕਿਧਰੇ ਰੱਖਣਾ ਪਿਆ | ਇਸੇ ਤਰ੍ਹਾਂ ਵਾਰਡ ਨੰਬਰ 8 'ਚ ਛਿੰਦਾ ਸਿੰਘ ਦਾ ਮਕਾਨ ਪਾਣੀ ਪੈਣ ਨਾਲ ਬੈਠ ਗਿਆ | ਕੰਧਾਂ ਤੇ ਛੱਤਾਂ 'ਚ ਤਰੇੜਾਂ ਆ ਗਈਆਂ | ਹਰਪਾਲ ਸਿੰਘ ਪੰਮੀ ਅਤੇ ਵਾਰਡ ਨੰਬਰ 8 ਦੀ ਐਮ.ਸੀ. ਬਲਵੀਰ ਕੌਰ ਨੇ ਮੌਕੇ 'ਤੇ ਜਾਇਜ਼ਾ ਲੈਂਦਿਆਂ ਪਰਿਵਾਰ ਦੇ ਰਹਿਣ ਦਾ ਪ੍ਰਬੰਧ ਕੀਤਾ |
ਬੋਹਾ ਕਸਬੇ 'ਚ ਪਏ ਮੋਹਲ਼ੇਧਾਰ ਮੀਂਹ ਨਾਲ ਹਰ ਪਾਸੇ ਪਾਣੀ ਭਰਿਆ, ਕਈ ਮਕਾਨ ਤਿੜੇ <br/>
ਅਜੀਤ ਡੈਸਕ
03-09-2025