ਭੁੱਚੋ ਮੰਡੀ, 4 ਸਤੰਬਰ (ਬਿੱਕਰ ਸਿੰਘ ਸਿੱਧੂ)- ਦਿ੍ਸ਼ਟੀ ਆਈ ਡੋਨੇਸ਼ਨ ਸੁਸਾਇਟੀ ਵਲੋਂ ਪੰਚਾਇਤੀ ਸ਼ਿਵ ਮੰਦਰ ਵਿਚ ਕਰਵਾਏ ਸਮਾਗਮ ਦੌਰਾਨ ਇਲਾਕੇ ਦੇ 80 ਤੋਂ ਵੱਧ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਦੇ ਨਾਲ ਹੀ ਸਮਾਗਮ ਵਿਚ ਪਿ੍ੰਸੀਪਲ ਡਾ. ਸੰਜੀਵ ਨਾਗਪਾਲ ਅਤੇ ਲੈਕਚਰਾਰ ਮਾਨਵ ਨਾਗਪਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਮੁੱਖ ਮਹਿਮਾਨ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਸਿਰਫ਼ ਇੱਕ ਪੇਸ਼ਾ ਨਹੀਂ ਹੈ, ਸਗੋਂ ਇਹ ਇਕ ਮਿਸ਼ਨ ਹੈ ਜੋ ਲੋਕਾਂ ਦੀ ਜ਼ਿੰਦਗੀ ਵਿਚ ਇਕ ਗਹਿਰਾ ਪ੍ਰਭਾਵ ਪਾਉਂਦਾ ਹੈ | ਪਿ੍ੰਸੀਪਲ ਡਾ. ਸੰਜੀਵ ਨਾਗਪਾਲ ਨੇ ਕਿਹਾ ਕਿ ਅਧਿਆਪਕ ਉਸ ਰੌਸ਼ਨੀ ਵਾਂਗੂ ਹੁੰਦਾ ਹੈ ਜੋ ਹਨੇਰੇ ਵਿਚ ਰਾਹ ਦਿਖਾਉਂਦਾ ਹੈ | ਇਕ ਸਿੱਖਣ ਵਾਲਾ ਵਿਦਿਆਰਥੀ ਸਿਰਫ਼ ਅਧਿਆਪਕ ਤੋਂ ਕਿਤਾਬੀ ਗਿਆਨ ਹੀ ਨਹੀਂ ਪ੍ਰਾਪਤ ਕਰਦਾ, ਸਗੋਂ ਉਨ੍ਹਾਂ ਤੋਂ ਜੀਵਨ ਦੇ ਸੱਚੇ ਅਰਥ ਵੀ ਸਮਝਦਾ ਹੈ | ਸੁਸਾਇਟੀ ਦੇ ਪ੍ਰਧਾਨ ਮੋਤੀ ਸ਼ਰਮਾ, ਮੀਤ ਪ੍ਰਧਾਨ ਪੰਕਜ ਅਰੋੜਾ ਅਤੇ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਰੰਗੀਲਾ ਨੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿ੍ਸ਼ਟੀ ਆਈ ਡੋਨੇਸ਼ਨ ਸੋਸਾਇਟੀ ਹਮੇਸ਼ਾ ਤੋਂ ਹੀ ਨੈਤਿਕ, ਸਮਾਜਿਕ ਅਤੇ ਸਿਹਤ ਸੰਬੰਧੀ ਚੇਤਨਾ ਫੈਲਾਉਣ ਵਿਚ ਅਹਿਮ ਰੋਲ ਅਦਾ ਕਰਦੀ ਆ ਰਹੀ ਹੈ | ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਦੇ ਮੁੱਖੀ ਕੁਲਵਿੰਦਰ ਸਿੰਘ ਕਟਾਰੀਆਂ ਅਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦੇ ਪਿ੍ੰਸੀਪਲ ਆਸ਼ੂ ਸਿੰਘ ਨੇ ਕਿਹਾ ਕਿ ਇਕ ਅਧਿਆਪਕ ਹੀ ਅਜਿਹਾ ਵਿਅਕਤੀ ਹੁੰਦਾ ਹੈ, ਜੋ ਚਾਹੁੰਦਾ ਹੈ ਕਿ ਉਸ ਦੇ ਪੜਾਏ ਹੋਏ ਵਿਦਿਆਰਥੀ ਉਸ ਤੋਂ ਵੀ ਉਪਰ ਦੇ ਅਹੁਦਿਆਂ ਤੇ ਜਾਣ | ਸਟੇਜ ਦਾ ਸੰਚਾਲਨ ਕਰਦਿਆ ਮੈਡਮ ਨਵਜੋਤ ਕੌਰ ਨੇ ਸੰਬੋਧਨ ਕਰਦਿਆ ਕਿਹਾ ਕਿ ਅਧਿਆਪਕ ਸਾਡੇ ਸਮਾਜ ਦੀ ਬੁਨਿਆਦ ਹਨ | ਉਹ ਹਰ ਬੱਚੇ ਨੂੰ ਆਪਣੇ ਬੱਚਿਆਂ ਵਾਂਗ ਸਿੱਖਿਆ ਦਿੰਦੇ ਹਨ | ਸਮਾਜ ਸੇਵੀ ਇੰਦਰਜੀਤ ਸੈਫਾਲੀ, ਵਿਨੋਦ ਮਿੱਤਲ, ਚਿਰਾਗ਼ ਗਰਗ, ਸੁਸਾਇਟੀ ਦੇ ਸਕੱਤਰ ਪਵਨ ਪੰਕਜ, ਜੋਨੀ ਗਰਗ, ਹੈਪੀ ਬੀਟਾ ਬਾਂਸਲ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਡਾ.ਅਮਰਜੀਤ ਸਿੰਘ, ਹਰਬੰਸ਼ ਸਿੰਘ, ਐਨ.ਐਸ.ਮੈਮੋਰੀਅਲ ਸਕੂਲ ਦੀ ਪਿ੍ੰਸੀਪਲ ਕੁਲਦੀਪ ਕੌਰ, ਬਾਬਾ ਦਲ ਸਿੰਘ ਮੈਮੋਰੀਅਲ ਸਕੂਲ ਦੀ ਪਿ੍ੰਸੀਪਲ ਗਗਨਦੀਪ ਕੌਰ, ਸਰਕਾਰੀ ਮਿਡਲ ਸਕੂਲ ਲਹਿਰਾਖਾਨਾ ਦੀ ਮੁਖੀ ਡਿੰਪਲ ਰਾਣੀ ਸਮੇਤ ਵੱਖ ਵੱਖ ਸਕੂਲ ਦੇ ਮੁੱਖੀ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ |