06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਭੀਖੀ ਇਲਾਕੇ 'ਚ ਭਰਵੀਂ ਬਾਰਿਸ਼ ਕਾਰਨ ਸਥਿਤੀ ਫਿਰ ਵਿਗੜੀ, ਕਸਬੇ ਦੇ 5 ਵਾਰਡਾਂ 'ਚ ਮੀਂਹ ਦਾ ਪਾਣੀ ਭਰਿਆ

Ad Position 21
No active advertisement
ਅਜੀਤ ਡੈਸਕ 05-09-2025
ਭੀਖੀ, 4 ਸਤੰਬਰ (ਬਲਕਾਰ ਸਿੰਘ ਸਹੋਤਾ)- ਹਾਲੇ ਭੀਖੀ ਇਲਾਕੇ ਵਿਚ ਬੀਤੇ ਦਿਨੀਂ ਖੇਤਾਂ ਵਿਚ ਭਰੇ ਬਰਸਾਤੀ ਪਾਣੀ ਨੂੰ ਖੇਤਾਂ 'ਚੋਂ ਕੱਢਣ ਲਈ ਕਿਸਾਨ ਜੱਦੋ ਜਹਿਦ ਕਰ ਰਹੇ ਸਨ ਪਰ ਅੱਜ ਤੜਕਸਾਰ ਤੋਂ ਸ਼ੁਰੂ ਹੋਈ ਭਰਵੀਂ ਬਾਰਸ਼ ਨਾਲ ਲੋਕ ਪ੍ਰੇਸ਼ਾਨ ਹੀ ਨਹੀਂ ਹੋਏ ਬਲਕਿ ਜਲ-ਜਲੇ ਦਾ ਖ਼ੌਫ਼ ਵੀ ਸਤਾਉਣ ਲੱਗਿਆ ਹੈ | ਦੱਸ ਦੇਈਏ ਕਿ ਬੀਤੇ ਦਿਨੀਂ ਆਲੇ-ਦੁਆਲੇ ਦੇ ਪਿੰਡਾਂ ਵਿਚੋਂ ਗੁਜ਼ਰਦੇ ਸਾਹੋਕੇ ਡਰੇਨ ਅਤੇ ਬਹਾਦਰ ਸਿੰਘ ਵਾਲਾ ਚੋਅ ਦੀਆਂ ਪਟੜੀਆਂ ਵਿਚ ਪਾੜ ਪੈਣ ਨਾਲ ਪਿੰਡ ਮੱਤੀ, ਗੁੜਥੜੀ ਸਮਾਉਂ, ਖੀਵਾ ਕਲਾਂ, ਖੀਵਾ ਖ਼ੁਰਦ, ਹਮੀਰਗੜ੍ਹ ਢੈਪਈ, ਹੋਡਲਾ ਕਲਾ, ਜੱਸੜ ਵਾਲਾ, ਮੋਹਰ ਸਿੰਘ ਵਾਲਾ, ਧਲੇਵਾਂ ਅਤੇ ਭੀਖੀ ਦੀ ਸੈਂਕੜੇ ਏਕੜ ਫ਼ਸਲ ਪ੍ਰਭਾਵਿਤ ਹੋਈ ਹੈ, ਜਿਸ ਵਿਚੋਂ ਪਾਣੀ ਦੇ ਨਿਕਾਸ ਲਈ ਕਿਸਾਨ ਲਗਾਤਾਰ ਜੱਦੋ-ਜਹਿਦ ਕਰ ਰਹੇ ਹਨ | ਉੱਪਰੋਂ ਅੱਜ ਤੜਕਸਾਰ ਤੋਂ ਸ਼ੁਰੂ ਹੋਈ ਭਾਰੀ ਬਾਰਸ਼ ਨੇ ਲੋਕਾਂ ਨੂੰ ਫਿਰ ਪ੍ਰੇਸ਼ਾਨੀ ਪੈਦਾ ਕਰ ਦਿੱਤੀ ਹੈ ਅਤੇ ਇਲਾਕੇ ਵਿਚ ਮੁੜ ਜਲ-ਜਲੇ ਦਾ ਖ਼ੌਫ਼ ਹੈ | ਉੱਧਰ ਅੱਜ ਬਾਰਸ਼ ਨਾਲ ਭੀਖੀ ਦੇ ਵੱਖ-ਵੱਖ 5 ਵਾਰਡ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ | ਗੁਰਦੁਆਰਾ ਸਾਹਿਬ ਰੋਡ 'ਤੇ ਪੰਡਤਾਂ ਵਾਲੇ ਟੋਭੇ ਦੇ ਓਵਰਫ਼ਲੋ ਹੋਣ ਨਾਲ ਵਾਰਡ ਨੰਬਰ 2, 5 ਅਤੇ 13 ਦੀਆਂ ਗਲੀਆਂ ਨਾਲੀਆਂ ਵਿਚ ਬਰਸਾਤੀ ਪਾਣੀ ਭਰ ਗਿਆ ਹੈ | ਇਸ ਤੋਂ ਇਲਾਵਾ ਗੁੱਦੜਸ਼ਾਹ ਸ਼ਾਹ ਡੇਰੇ ਵਾਲੇ ਛੱਪੜ ਦੇ ਪਾਣੀ ਨਾਲ ਜਿੱਥੇ ਧਲੇਵਾਂ ਰੋਡ ਬੰਦ ਹੋ ਗਿਆ ਹੈ ਉੱਥੇ ਵਾਰਡ ਨੰਬਰ 8 ਅਤੇ 10 ਵਿਚ ਪਾਣੀ ਭਰਨ ਨਾਲ ਲੋਕਾਂ ਦਾ ਜੀਵਨ ਅਸਤ ਵਿਅਸਤ ਹੋ ਗਿਆ ਹੈ | ਭਾਵੇਂ ਨਗਰ ਪੰਚਾਇਤ ਵਲੋਂ ਪੰਡਤਾਂ ਵਾਲੇ ਛੱਪੜ ਵਿਚੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਮੋਟਰਾਂ ਦਾ ਪ੍ਰਬੰਧ ਕੀਤਾ ਸੀ, ਜੋ ਬਹੁਤਾ ਕਾਮਯਾਬ ਨਹੀਂ ਹੋ ਸਕਿਆ | ਸੀਵਰੇਜ ਵਾਲੀ ਲਿਫ਼ਟ 'ਤੇ ਦੋ ਵਾਧੂ ਮੋਟਰਾਂ ਅਤੇ ਇਕ ਵਰਮੇ ਦਾ ਪ੍ਰਬੰਧ ਕਰ ਕੇ ਪਾਣੀ ਦੀ ਨਿਕਾਸੀ ਲਈ ਯਤਨ ਹੋ ਰਹੇ ਹਨ ਪਰ ਜੇਕਰ ਮੀਂਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸ਼ਹਿਰ 'ਚ ਵੀ ਹੜ੍ਹ ਵਾਲੀ ਸਥਿਤੀ ਮੁੜ ਬਣ ਜਾਵੇਗੀ | ਕਾਰਜਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਗਰ ਪੰਚਾਇਤ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਅਤੇ ਨਿਰਦੇਸ਼ਾਂ ਅਨੁਸਾਰ ਸ਼ਹਿਰ 'ਚੋਂ ਮੀਂਹ ਦੇ ਪਾਣੀ ਨੂੰ ਕੱਢਣ ਲਈ ਤਤਪਰਤਾ ਨਾਲ ਯਤਨ ਜਾਰੀ ਹਨ |
ਸਰਹਿੰਦ ਚੋਅ 'ਚ ਪਾਣੀ ਦਾ ਪੱਧਰ ਵਧਣ ਨਾਲ ਕਿਸਾਨਾਂ 'ਚ ਚਿੰਤਾ
ਬੀਤੀਕੱਲ੍ਹ ਤੋਂ ਸੂਬੇ ਵਿਚ ਪੈ ਰਹੀ ਭਾਰੀ ਬਰਸਾਤ ਕਾਰਨ ਸਰਹਿੰਦ ਚੋਅ ਦੇ ਪਾਣੀ ਦੇ ਪੱਧਰ 'ਚ ਮੁੜ ਵਾਧਾ ਹੋਇਆ ਹੈ | ਅੱਜ ਪਿੰਡ ਹੋਡਲਾ ਕਲਾਂ ਤੇ ਧਲੇਵਾਂ ਵਿਚਕਾਰ ਕਮਜ਼ੋਰ ਪਟੜੀ ਤੋਂ ਨਾਲੇ ਦਾ ਪਾਣੀ ਟੁੱਟਣ ਕਿਨਾਰੇ ਸੀ | ਵਰ੍ਹਦੇ ਮੀਂਹ ਵਿਚ ਵੱਖ-ਵੱਖ ਪਿੰਡਾਂ ਦੇ ਗੁਰਦੁਆਰਿਆਂ 'ਚ ਪਟੜੀ ਟੁੱਟਣ ਦੀ ਸੰਭਾਵਨਾ ਦੀਆਂ ਅਨਾਊਾਸਮੈਂਟਾਂ 'ਤੇ ਪਿੰਡਾਂ ਦੇ ਲੋਕਾਂ ਨੇ ਟਰੈਕਟਰ-ਟਰਾਲੀਆਂ ਨਾਲ ਮਿੱਟੀ ਪਾ ਕੇ ਪਟੜੀ ਨੂੰ ਕੁਝ ਹੱਦ ਤੱਕ ਮਜ਼ਬੂਤ ਕਰ ਲਿਆ ਹੈ ਪ੍ਰੰਤੂ ਨਾਲਾ ਟੁੱਟਣ ਦਾ ਡਰ ਹਾਲੇ ਵੀ ਬਰਕਰਾਰ ਹੈ | ਡਰੇਨਜ਼ ਵਿਭਾਗ ਦੇ ਜੇ.ਈ ਸੁਖਦੀਪ ਸਿੰਘ ਨੇ ਦੱਸਿਆ ਕਿ ਸਰਹਿੰਦ ਚੋਅ 'ਚ ਖ਼ਤਰੇ ਦਾ ਪੱਧਰ 7 ਫੁੱਟ ਤੱਕ ਹੈ ਪ੍ਰੰਤੂ ਨਾਲੇ 'ਚ ਪਾਣੀ ਦਾ ਵਹਾਅ ਸਵਾ 6 ਫੁੱਟ 'ਤੇ ਚੱਲ ਰਿਹਾ ਹੈ |
ਪ੍ਰਸ਼ਾਸਨ ਵਲੋਂ ਬਣਾਏ ਰਾਹਤ ਕੈਂਪਾਂ 'ਤੇ ਨਜ਼ਰਸਾਨੀ ਦੀ ਜ਼ਰੂਰਤ
ਬਾਰਸ਼ ਕਾਰਨ ਕਿਸੇ ਵੀ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਸ਼ੱਕ ਮਾਨਸਾ ਸਬ ਡਵੀਜ਼ਨ ਵਿਚ ਪਿੰਡ ਫਫੜੇ ਭਾਈਕੇ, ਬੱਪੀਆਣਾ ਅਤੇ ਰੱਲਾ ਵਿਖੇ ਰਾਹਤ ਕੈਂਪਾਂ ਦਾ ਪ੍ਰਬੰਧ ਕੀਤਾ ਹੈ ਪ੍ਰੰਤੂ ਪਿਛਲੇ 40 ਸਾਲਾਂ ਤੋਂ ਇਸ ਖ਼ਿੱਤੇ ਵਿਚ ਤਵਾਰਿਖੀ ਹੜ੍ਹਾਂ ਦੇ ਪਾਣੀ ਨੇ ਪਿੰਡ ਹਮੀਰਗੜ੍ਹ ਢੈਪਈ, ਬੀਰ ਖ਼ੁਰਦ, ਹੋਡਲਾ ਕਲਾ, ਜੱਸੜ ਵਾਲਾ, ਮੋਹਰ ਸਿੰਘ ਵਾਲਾ, ਧਲੇਵਾਂ ਨੂੰ ਵੱਧ ਨੁਕਸਾਨ ਪਹੁੰਚਾਇਆ ਹੈ | ਇਸ ਤੋਂ ਇਲਾਵਾ ਹੀਰੋਂ ਕਲਾਂ, ਖੀਵਾ ਕਲਾਂ, ਖੀਵਾ ਦਿਆਲੂ ਵਾਲਾ, ਖੀਵਾ ਖ਼ੁਰਦ, ਗੁੜਥੜੀ, ਮੱਤੀ, ਸਮਾਉਂ, ਅਤਲਾ ਖ਼ੁਰਦ ਅਤੇ ਪਿੰਡ ਕੋਟੜਾ ਦੀਆਂ ਫ਼ਸਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ | ਜੇਕਰ ਇਸ ਵਾਰ ਵੀ ਮੀਂਹ ਕਾਰਨ ਦਿੱਕਤ ਆਉਂਦੀ ਹੈ ਤਾਂ ਉਕਤ ਪਿੰਡ ਫਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ | ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਖ਼ਿੱਤੇ ਦੀ ਭੂਗੋਲਿਕ ਸਥਿਤੀ ਨੂੰ ਦੇਖਦੇ ਹੋਏ 1 ਰਾਹਤ ਕੈਂਪ ਭੀਖੀ ਵਿਖੇ ਸਥਾਪਿਤ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਗੰਗਾ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ ਅਗਲੀ ਖ਼ਬਰ ਹਰਸਿਮਰਤ ਕੌਰ ਬਾਦਲ ਵਲੋਂ ਮੋਹਰ ਸਿੰਘ ਵਾਲਾ ਵਿਖੇ 2 ਪੰਪ ਸੈੱਟ ਦਿੱਤੇ
Ad Position 24