ਮਾਨਸਾ, 5 ਸਤੰਬਰ (ਰਾਵਿੰਦਰ ਸਿੰਘ ਰਵੀ)- ਸੀਵਰੇਜ ਦੇ ਗੰਦੇ ਪਾਣੀ ਤੋਂ ਅੱਕੇ ਵੀਰ ਨਗਰ ਮੁਹੱਲਾ ਵਾਸੀਆਂ ਨੇ ਰੇਲਵੇ ਫਾਟਕ ਨਜ਼ਦੀਕ ਮੁੱਖ ਸੜਕ 'ਤੇ ਧਰਨਾ ਲਗਾਇਆ | ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ ਵਾਰਡ ਵਾਸੀ ਲੰਬੇ ਸਮੇਂ ਤੋਂ ਸੀਵਰੇਜ ਸਮੱਸਿਆ ਨਾਲ ਜੂਝ ਰਹੇ ਹਨ ਪਰ ਸਰਕਾਰ ਦੇ ਨੁਮਾਇੰਦਿਆਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ | ਸੀਵਰੇਜ ਐਕਸ਼ਨ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਗੱਗਾ, ਕਪਿਲ ਕੁਮਾਰ, ਸੁਨੀਤਾ ਰਾਣੀ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਤੋਂ ਮੁਹੱਲੇ 'ਚ ਗੰਦਾ ਪਾਣੀ ਸੜਕ 'ਤੇ ਫੈਲਿਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਆਪਣੇ ਕੰਮ-ਧੰਦਿਆਂ ਲਈ ਪਾਣੀ 'ਚੋਂ ਨਿਕਲ ਕੇ ਆਉਣਾ-ਜਾਣਾ ਪੈਂਦਾ ਹੈ ਅਤੇ ਸਕੂਲੀ ਬੱਚਿਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹੁਣ ਬਰਸਾਤਾਂ ਦੇ ਦਿਨਾਂ 'ਚ ਸਥਿਤੀ ਬਦ ਨਾਲੋਂ ਬਦਤਰ ਹੋਈ ਪਈ ਹੈ | ਇਸ ਤੋਂ ਇਲਾਵਾ ਇਹ ਇਲਾਕਾ ਨੀਵਾਂ ਹੋਣ ਕਾਰਨ ਸਾਰੇ ਸ਼ਹਿਰ ਦਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਮੁਸ਼ਕਿਲ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ | ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਤੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਗੰਦਾ ਪਾਣੀ ਸੜਕਾਂ 'ਤੇ ਭਰਿਆ ਪਿਆ ਹੈ, ਜਿਸ ਕਾਰਨ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਐਕਸ਼ਨ ਕਮੇਟੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਜਲਦ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਪ੍ਰੇਮ ਰਾਣੀ, ਕਮਲ ਚੁੰਨੀਆਂ, ਸੁਨੀਲ ਕੁਮਾਰ, ਜਗਜੀਤ ਸਿੰਘ, ਜੋਨੀ ਕੁਮਾਰ, ਲਕਸ ਬਾਂਸਲ ਆਦਿ ਹਾਜ਼ਰ ਸਨ |