ਮਾਨਸਾ, 5 ਸਤੰਬਰ (ਰਾਵਿੰਦਰ ਸਿੰਘ ਰਵੀ)-ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਮਿਲਟਰੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ 'ਚ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਨਕਸ਼ੇ ਰਾਹੀਂ ਮਿਲਟਰੀ ਅਧਿਕਾਰੀਆਂ ਨਾਲ ਉਨ੍ਹਾਂ ਇਲਾਕਿਆਂ ਪ੍ਰਤੀ ਵਿਚਾਰ ਚਰਚਾ ਕੀਤੀ ਜਿੱਥੇ ਘੱਗਰ 'ਚ ਪਾਣੀ ਦੀ ਸਮਰੱਥਾ ਤੋਂ ਜ਼ਿਆਦਾ ਵਧਣ ਨਾਲ ਵੱਧ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਡੀ.ਸੀ. ਨੇ ਕਿਹਾ ਕਿ ਹਾਲ ਦੀ ਘੜੀ ਘੱਗਰ ਵਿਚ ਪਾਣੀ ਦੀ ਮਾਤਰਾ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਪ੍ਰੰਤੂ ਲਗਾਤਾਰ ਹੋ ਰਹੀ ਬਰਸਾਤ ਕਰਕੇ ਕਿਤੇ ਵੀ ਬੰਨ੍ਹ ਕਮਜ਼ੋਰ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਦੇ ਲਈ ਕਿਸੇ ਵੀ ਤਰ੍ਹਾਂ ਦੇ ਰਾਹਤ ਅਤੇ ਬਚਾਅ ਕਾਰਜ ਲਈ ਮਿਲਟਰੀ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਚਾਂਦਪਰਾ ਅਤੇ ਸਰਦੂਲਗੜ੍ਹ ਵਿਖੇ ਘੱਗਰ ਦੀ ਲਗਾਤਾਰ ਨਜ਼ਰਸਾਨੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਸਥਿਤੀ ਵਿਚ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ | ਇਸ ਉਪਰੰਤ ਉਨ੍ਹਾਂ ਮਿਲਟਰੀ ਅਧਿਕਾਰੀਆਂ ਨਾਲ ਚਾਂਦਪੁਰਾ ਸਾਈਫ਼ਨ ਅਤੇ ਸਰਦੂਲਗੜ੍ਹ ਵਿਖੇ ਘੱਗਰ ਦੇ ਨੇੜੇ ਸੰਵੇਦਨਸ਼ੀਲ ਇਲਾਕਿਆਂ ਅਤੇ ਪਿੰਡ ਫੂਸ ਮੰਡੀ ਦਾ ਟਰੈਕਟਰਾਂ ਰਾਹੀਂ ਦੌਰਾ ਵੀ ਕੀਤਾ ਗਿਆ | ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਆਕਾਸ਼ ਬਾਂਸਲ, ਸਹਾਇਕ ਕਮਿਸ਼ਨਰ (ਯੂ.ਟੀ.) ਗੁਰਲੀਨ ਕੌਰ, ਐਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਸਰਦੂਲਗੜ੍ਹ ਅਜੀਤ ਪਾਲ ਸਿੰਘ, ਲੈਫਟੀਨੇਟ ਕਰਨਲ ਪੀ.ਕੇ. ਰਾਏ, ਕੈਪਟਨ ਨਿਤਿਨ ਸ਼ਰਮਾ, ਕੈਪਟਨ ਜੋਸੇਫ ਥਾਮਸ, ਸੂਬੇਦਾਰ ਪ੍ਰਦੀਪ ਕੁਮਾਰ, ਨਾਇਬ ਤਹਿਸੀਲਦਾਰ ਕਿਰਪਾਲ ਸਿੰਘ ਅਤੇ ਐਕਸੀਅਨ ਡਰੇਨੇਜ ਭਾਵੁਕ ਸ਼ਰਮਾ ਆਦਿ ਹਾਜ਼ਰ ਸਨ |