ਸਰਦੂਲਗੜ੍ਹ ਨੇੜੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣਾ ਜਾਰੀ, ਲੋਕਾਂ 'ਚ ਸਹਿਮ
ਅਜੀਤ ਡੈਸਕ
06-09-2025
2 ਦਰਜਨ ਪਿੰਡਾਂ ਨੂੰ ਮਾਰ ਪਾਉਂਦਾ ਹੈ ਘੱਗਰ ਦਰਿਆ
-ਜਦੋਂ ਵੀ ਇਸ ਖੇਤਰ 'ਚ ਘੱਗਰ ਦਰਿਆ ਮਾਰ ਪਾਉਂਦਾ ਹੈ ਤਾਂ 2 ਦਰਜਨ ਪਿੰਡਾਂ ਪ੍ਰਭਾਵਿਤ ਹੁੰਦੇ ਹਨ ਅਤੇ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ | ਘੱਗਰ ਨੂੰ ਇਲਾਕੇ ਦੇ ਲੋਕ ਨਾਲੀ ਕਰਕੇ ਜਾਣਦੇ ਹਨ | ਇਸ ਦੇ ਮਾਨਸਾ ਵਾਲੇ ਪਾਸੇ ਹੀਰਕੇ, ਕਰੀਪੁਰ ਡੁੰਮ੍ਹ, ਬਰਨ, ਭਗਵਾਨਪੁਰ ਹੀਂਗਣਾ, ਰਣਜੀਤਗੜ੍ਹ ਬਾਂਦਰਾ, ਮੀਰਪੁਰ ਕਲਾਂ, ਮੀਰਪੁਰ ਖੁਰਦ, ਸਰਦੂਲੇਵਾਲਾ, ਕਹਾਨੇਵਾਲਾ, ਭੂੰਦੜ ਜਦਕਿ ਨਾਲੀ ਪਾਰ ਸਿਰਸਾ ਵੱਲ ਲੋਹਗੜ੍ਹ, ਆਹਲੂਪੁਰ, ਭੱਲਣਵਾੜਾ, ਕੌੜੀਵਾੜਾ, ਫੂਸ ਮੰਡੀ, ਸਾਧੂਵਾਲਾ, ਸਰਦੂਲਗੜ੍ਹ, ਰੋੜਕੀ, ਝੰਡਾ ਖੁਰਦ ਪਿੰਡ ਪੈਂਦੇ ਹਨ | ਇਨ੍ਹਾਂ ਪਿੰਡਾਂ ਨੂੰ ਘੱਗਰ ਦਰਿਆ ਮਾਰ ਪਾਉਂਦਾ ਹੈ ਜਦਕਿ ਹਰਿਆਣਾ ਰਾਜ ਦੇ ਮੱਤੜ, ਲਹਿੰਗੇਵਾਲਾ, ਰੰਗਾ, ਭਨਿਹਾਰੀ ਵੀ ਮਾਰ ਹੇਠ ਆ ਜਾਂਦੇ ਹਨ |
ਵਿਧਾਇਕ ਬੁੱਧ ਰਾਮ ਵਲੋਂ ਚਾਂਦਪੁਰਾ ਬੰਨ੍ਹ ਦਾ ਦੌਰਾ
-ਇਸੇ ਦੌਰਾਨ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਘੱਗਰ ਦਰਿਆ ਦੇ ਚਾਂਦਪੁਰਾ ਬੰਨ੍ਹ ਦਾ ਦੌਰਾ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਪਾਣੀ ਦਾ ਪੱਧਰ ਵਧ ਰਿਹਾ ਹੈ ਪਰ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਥੱਲੇ ਹੈ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਹਨ | ਉਨ੍ਹਾਂ ਦੱਸਿਆ ਕਿ ਸਿੰਚਾਈ ਵਿਭਾਗ ਦੇ 2 ਕਰਮਚਾਰੀ ਬੰਨ੍ਹ ਦੀ ਨਿਗਰਾਨੀ ਰੱਖ ਰਹੇ ਹਨ ਅਤੇ ਇਲਾਕੇ ਦੇ ਲੋਕ ਵੀ ਸਹਿਯੋਗ ਦੇ ਰਹੇ ਹਨ | ਕਾਬਲੇ ਗ਼ੌਰ ਰਹੇ ਕਿ ਇੱਥੇ ਪਾਣੀ ਦਾ ਲੈਵਲ 8 ਫੁੱਟ 'ਤੇ ਵਗ ਰਿਹਾ ਹੈ ਅਤੇ 10 ਫੁੱਟ ਤੋਂ ਜ਼ਿਆਦਾ ਚੜ੍ਹਾਅ ਹੋਣ ਕਰਕੇ ਫ਼ਸਲਾਂ ਤੇ ਨੇੜਲੇ ਪਿੰਡਾਂ ਨੂੰ ਮਾਰ ਪੈਂਦੀ ਹੈ | ਹਰਿਆਣਾ ਰਾਜ 'ਚ ਪੈਂਦਾ ਇਹ ਬੰਨ੍ਹ ਟੁੱਟਣ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਕਾਫ਼ੀ ਪਿੰਡਾਂ ਨੂੰ ਮਾਰ ਪਾ ਜਾਂਦਾ ਹੈ |