ਭਗਤਾ ਭਾਈਕਾ, 5 ਸਤੰਬਰ (ਸੁਖਪਾਲ ਸਿੰਘ ਸੋਨੀ)-ਪੈਨਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਮੀਟਿੰਗ ਪ੍ਰਧਾਨ ਮਾਸਟਰ ਸ੍ਰੀਆਤਮ ਤੇਜ ਸ਼ਰਮਾ ਕੋਠਾ ਗੁਰੂ ਦੀ ਪ੍ਰਧਾਨਗੀ ਹੇਠ ਹੋਈ | ਆਰੰਭ ਵਿਚ ਪਿਛਲੇ ਮਹੀਨੇ ਵਿਛੜ ਚੁੱਕੇ ਸੇਵਾ ਮੁਕਤ ਕਰਮਚਾਰੀ ਅਤੇ ਹੜ੍ਹਾਂ ਦੀ ਭੇਟ ਚੜ੍ਹ ਗਏ ਸਮੂਹ ਵਿਅਕਤੀਆਂ/ਕਿਸਾਨਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ ਵਿਚ ਮਾ: ਨਰਿੰਦਰਪਾਲ ਭਗਤਾ ਨੇ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਵਲੋਂ ਕੀਤੇ ਗਏ ਕੋਰਟ ਕੇਸਾਂ ਸਬੰਧੀ ਅਤੇ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਡੀ. ਏ. ਦੀਆਂ ਕਿਸ਼ਤਾਂ ਦੇਣ ਸਬੰਧੀ ਕੀਤੀਆਂ ਗਈਆਂ ਹਦਾਇਤਾਂ ਬਾਰੇ ਵਿਚਾਰ-ਵਟਾਂਦਰਾ ਸਾਂਝਾ ਕੀਤਾ | ਰਣਧੀਰ ਸਿੰਘ ਮਲੂਕਾ ਨੇ ਹੜ੍ਹਾਂ ਨਾਲ ਹੋਏ ਨੁਕਸਾਨ ਸਬੰਧੀ ਵਿਸਥਾਰ ਵਿਚ ਚਾਨਣਾ ਪਾਇਆ | ਕੰਵਰ ਕੌਰ ਸਿੰਘ ਕੋਠਾ ਗੁਰੂ ਵਲੋਂ ਹੜ੍ਹਾਂ ਨਾਲ ਪੰਜਾਬ ਦੇ ਹੋਏ ਨੁਕਸਾਨ ਲਈ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਦੋਸ਼ੀ ਦੱਸਿਆ ਗਿਆ | ਪੰਚਾਇਤ ਸੈਕਟਰੀ ਗੁਰਜੀਤ ਸਿੰਘ ਭਗਤਾ ਵਲੋਂ ਵੀ ਹੜ੍ਹਾਂ ਨਾਲ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਸਹਾਇਤਾ ਲਈ ਯੋਗਦਾਨ ਦੇਣ ਵਾਸਤੇ ਪ੍ਰੇਰਿਤ ਕੀਤਾ | ਪ੍ਰਧਾਨ ਮਾਸਟਰ ਆਤਮ ਤੇਜ ਸ਼ਰਮਾ ਕੋਠਾ ਗੁਰੂ ਨੇ ਸਵਰਗੀ ਸੇਵਾ ਮੁਕਤ ਕਰਮਚਾਰੀਆਂ ਦੇ ਵਾਰਸਾਂ ਨੂੰ ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਦਿਵਾਉਣ ਲਈ, ਬੈਂਕ ਸਮੱਸਿਆਵਾਂ ਨਾਲ ਸਿੱਝਣ ਅਤੇ ਸਮਾਧਾਨ ਲਈ ਸੁਝਾਅ ਦਿੰਦੇ ਹੋਇਆ ਹਾਜ਼ਰੀਨ ਦਾ ਧੰਨਵਾਦ ਕੀਤਾ | ਬਲਾਕ ਭਗਤਾ ਭਾਈਕਾ ਦੇ ਸਾਰੇ ਸੇਵਾ ਮੁਕਤ ਕਰਮਚਾਰੀਆਂ ਵਲੋਂ ਹੜ੍ਹ ਪੀੜਤਾਂ ਲਈ ਜਥਾ ਯੋਗ ਸਹਾਇਤਾ ਰਾਸ਼ੀ ਇਕੱਤਰ ਕੀਤੀ ਗਈ | ਇਸ ਸਮੇਂ ਮਾ: ਨਛੱਤਰ ਸਿੰਘ ਭਗਤਾ, ਮਾ. ਅਮਰਜੀਤ ਸਿੰਘ ਭਗਤਾ, ਮਾ. ਗੁਰਦੀਪ ਸਿੰਘ ਭਗਤਾ, ਮਾ. ਲਾਭ ਸਿੰਘ ਡੋਡ, ਪਿ੍ੰ. ਨਛੱਤਰ ਸਿੰਘ ਸਿਰੀਏਵਾਲਾ, ਮਾ. ਗੁਰਮੇਲ ਸਿੰਘ ਜਲਾਲ, ਮਾ. ਜਗਰੂਪ ਸਿੰਘ ਘਣੀਆ, ਗੁਰਜੰਟ ਸਿੰਘ ਸਕੱਤਰ ਜਲਾਲ, ਰਛਪਾਲ ਸਿੰਘ ਗੁਰੂਸਰ, ਏ. ਐਸ. ਆਈ. ਗੁਰਦੀਪ ਸਿੰਘ ਕੇਸਰ ਸਿੰਘ ਵਾਲਾ, ਮਾ: ਰਣਜੋਧ ਸਿੰਘ ਭਗਤਾ, ਸੁਰਜਨ ਸਿੰਘ ਭਗਤਾ, ਮਾ: ਜੋਰਾ ਸਿੰਘ ਬੁਰਜ ਥਰੋੜ ਅਤੇ ਦਰਸ਼ਨ ਸਿੰਘ ਪਟਵਾਰੀ ਆਦਿ ਹਾਜ਼ਰ ਸਨ |