ਭੀਖੀ, 6 ਸਤੰਬਰ (ਬਲਕਾਰ ਸਿੰਘ ਸਹੋਤਾ)- ਸਥਾਨਕ ਗੁਰਦੁਆਰਾ ਰੋਡ 'ਤੇ ਬਾਰਸ਼ ਕਾਰਨ ਪਿਛਲੇ ਦੋ ਹਫ਼ਤਿਆਂ ਤੋਂ ਸੜਕ 'ਤੇ ਖੜ੍ਹੇ 3-3 ਫੁੱਟ ਗੰਦੇ ਪਾਣੀ ਨਾਲ ਜੂਝ ਰਹੇ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬੀਤੀ ਸ਼ਾਮ ਨਗਰ ਪੰਚਾਇਤ ਦਫ਼ਤਰ ਵਿਖੇ 3 ਘੰਟੇ ਤੱਕ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਅਤੇ ਨਗਰ ਪੰਚਾਇਤ ਦਾ ਪਿੱਟ ਸਿਆਪਾ ਕੀਤਾ | ਹਾਲਾਤ ਇੱਥੇ ਤੱਕ ਆ ਗਏ ਕਿ ਕਾਰਜ ਸਾਧਕ ਅਫ਼ਸਰ ਨੂੰ ਪੁਲਿਸ ਸੁਰੱਖਿਆ ਹੇਠ ਦਫ਼ਤਰ ਵਿਚੋਂ ਬਾਹਰ ਕੱਢਿਆ ਗਿਆ | ਬੀਤੀ ਸ਼ਾਮ ਵਾਰਡ ਨੰ. 4 ਅਤੇ 1 ਦੇ ਵਾਸੀਆਂ ਨੇ ਇਕੱਠੇ ਹੋ ਕੇ ਨਗਰ ਪੰਚਾਇਤ ਦਫ਼ਤਰ ਵਿਖੇ ਦਫ਼ਤਰ ਦਾ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਅਤੇ ਨਗਰ ਪੰਚਾਇਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ ਗੁਰਦੁਆਰਾ ਰੋਡ 'ਤੇ ਸ਼ਹਿਰ ਵਿਚੋਂ ਵਿਚ ਪੰਡਿਤਾਂ ਵਾਲੇ ਟੋਭੇ 'ਚ ਪਿਛਲੇ 13 ਦਿਨਾਂ ਤੋਂ ਬਾਰਸ਼ ਦਾ ਪਾਣੀ ਓਵਰਫ਼ਲੋ ਹੋ ਕੇ ਸ਼ਮਸ਼ਾਨਘਾਟ ਰੋਡ ਅਤੇ ਗੁਰਦੁਆਰਾ ਸਾਹਿਬ ਰੋਡ 'ਤੇ 3-3 ਫੁੱਟ ਜਮਾਂ ਹੈ | ਇਸ ਤੋਂ ਇਲਾਵਾ ਕਈ ਗਲੀਆਂ 'ਚ ਵੀ ਭਰਿਆ ਪਿਆ ਹੈ ਪ੍ਰੰਤੂ ਕੁਝ ਕੌਂਸਲਰਾਂ ਵਲੋਂ ਵਿਤਕਰੇਬਾਜ਼ੀ ਕਰਦੇ ਹੋਏ ਇਸ ਛੱਪੜ ਵਿਚੋਂ ਪਾਣੀ ਦੇ ਨਿਕਾਸ ਲਈ ਢੁਕਵੇਂ ਪ੍ਰਬੰਧ ਨਹੀ ਕੀਤੇ ਜਾ ਰਹੇ ਜਦੋਂ ਕਿ ਬਾਬਾ ਗੁੱਦੜ ਸ਼ਾਹ ਵਾਲੇ ਛੱਪੜ ਕੋਲ ਬਣੀ ਸੀਵਰੇਜ ਦੀ ਲਿਫ਼ਟ ਤੋਂ 3 ਮੋਟਰਾਂ ਤੋਂ ਇਲਾਵਾ ਬਰਮਿਆਂ ਨਾਲ ਪਾਣੀ ਚੁੱਕ ਕੇ ਬਹਾਦਰ ਸਿੰਘ ਵਾਲਾ ਡਰੇਨ 'ਚ ਸੁੱਟਿਆ ਜਾ ਰਿਹਾ ਹੈ | ਪੰਡਿਤਾਂ ਵਾਲੇ ਟੋਭੇ 'ਚੋਂ 1 ਮੋਟਰ ਲਗਾਉਣ ਦੇ ਬਾਵਜੂਦ ਇਸ ਨੰੂ ਸਹੀ ਤਰੀਕੇ ਨਾਲ ਨਹੀ ਚਲਾਇਆ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੇ ਦਬਾਅ ਹੇਠ ਪਹਿਲਾਂ ਗੁੱਦੜ ਸ਼ਾਹ ਡੇਰੇ ਦੇ ਨਜ਼ਦੀਕ ਛੱਪੜ ਦਾ ਪਾਣੀ ਕੱਢਿਆ ਜਾ ਰਿਹਾ ਹੈ ਜਦੋਂ ਕਿ ਇੱਧਰ ਹਾਲਾਤ ਬਦਤਰ ਹਨ | ਪਿਛਲੇ 13 ਦਿਨਾਂ ਤੋਂ ਇਸ ਰੋਡ 'ਤੇ 70 ਦੇ ਕਰੀਬ ਦੁਕਾਨਾਂ ਬੰਦ ਪਈਆ ਹਨ | ਲੋਕਾਂ ਨੂੰ ਇੱਥੋਂ ਲੰਘਣਾ ਮੁਸ਼ਕਿਲ ਹੋਣ ਦੇ ਨਾਲ ਨਾਲ ਵਾਰਡ ਨੰ. 4 ਅਤੇ 1 ਦੇ ਨਿਵਾਸੀਆਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ | ਖੜ੍ਹੇ ਪਾਣੀ ਕਾਰਨ ਕਈ ਮਕਾਨ ਅਤੇ ਦੁਕਾਨਾਂ ਨੁਕਸਾਨੀਆਂ ਜਾ ਰਹੀਆਂ ਹਨ | ਇਸ ਮੌਕੇ ਨਗਰ ਨਿਵਾਸੀਆਂ ਨੇ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਦੇ ਰਵੱਈਏ ਦੀ ਅਲੋਚਨਾ ਕਰਦਿਆਂ ਕਿਹਾ ਕਿ ਨਗਰ ਦੇ ਲੋਕ ਪਿਛਲੇ 13 ਦਿਨਾਂ ਤੋਂ ਗੰਦੇ ਪਾਣੀ ਦਾ ਸੰਤਾਪ ਭੋਗ ਰਹੇ ਹਨ ਜਦਕਿ ਵਿਧਾਇਕ ਨੇ ਨਗਰ ਵਿਚ ਮੂੰਹ ਨਹੀ ਦਿਖਾਇਆ | ਕਸਬੇ ਦੇ ਬਾਹਰੋਂ ਬਾਹਰੀ ਆਪਣੇ ਚੇਲੇ ਚਪਟਿਆਂ ਨੂੰ ਮਿਲ ਕੇ ਨਿਕਲ ਜਾਂਦੇ ਹਨ | ਵਾਰਡ ਨੰ. 4 ਦੇ ਕੌਂਸਲਰ ਸੁਰੇਸ਼ ਕੁਮਾਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਰੋਡ 'ਤੇ ਪਿਛਲੇ 13 ਦਿਨਾਂ ਤੋਂ 3-3 ਫੁੱਟ ਪਾਣੀ ਭਰਿਆ ਹੋਇਆ ਹੈ ਪ੍ਰੰਤੂ ਨਗਰ ਪੰਚਾਇਤ ਦੇ ਪੱਖਪਾਤੀ ਰਵੱਈਏ ਕਾਰਨ ਇੱਥੋਂ ਪਾਣੀ ਨਹੀ ਕੱਢਿਆ ਜਾ ਰਿਹਾ ਜਿਸ ਕਾਰਨ ਗੁਰਦੁਆਰਾ ਸਾਹਿਬ ਰੋਡ, ਸ਼ਮਸ਼ਾਨਘਾਟ ਰੋਡ, ਵਾਰਡ ਨੰ. 1 ਅਤੇ 4 ਦੇ ਨਾਗਰਿਕਾਂ ਤੋਂ ਇਲਾਵਾ ਇੱਥੋਂ ਗੁਜ਼ਰਨ ਵਾਲੇ ਹਰ ਰਾਹਗੀਰ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੜਕ 'ਤੇ ਵੱਖ-ਵੱਖ ਧਾਰਮਿਕ ਸਥਾਨ ਵੀ ਹਨ, ਜਿਸ ਕਰ ਕੇ ਲੋਕਾਂ ਨੂੰ ਪਾਠ ਪੂਜਾ ਕਰਨ 'ਚ ਵੀ ਦਿੱਕਤਾਂ ਆ ਰਹੀਆਂ ਹਨ ਪ੍ਰੰਤੂ ਨਗਰ ਪੰਚਾਇਤ ਇੱਥੋਂ ਪਾਣੀ ਕੱਢਣ ਲਈ ਗੰਭੀਰ ਨਜ਼ਰ ਨਹੀਂ | ਦੂਸਰੇ ਪਾਸੇ ਜਿਨ੍ਹਾਂ ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਜਿੱਤੇ ਹੋਏ ਹਨ ਉੱਥੋਂ ਪਾਣੀ ਦੀ ਨਿਕਾਸੀ ਪਹਿਲ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ |
ਕੌਂਸਲਰਾਂ ਦੀ ਬਜਾਏ ਕੁਝ ਪਤਵੰਤੇ ਚਲਾ ਰਹੇ ਨੇ ਨਗਰ ਪੰਚਾਇਤ-ਚਹਿਲ
-ਨਗਰ ਪੰਚਾਇਤ ਦਫ਼ਤਰ ਵਿਚ ਲੋਕ ਪ੍ਰਦਰਸ਼ਨ ਦੇ ਦੌਰਾਨ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਹਰਪ੍ਰੀਤ ਸਿੰਘ ਚਹਿਲ ਨੇ ਕਿਹਾ ਕਿ ਕੁਝ ਮਹਿਲਾ ਕੌਂਸਲਰਾਂ ਦੇ ਪਤੀ ਆਪ ਹੁਦਰੀਆਂ ਅਤੇ ਪੱਖਪਾਤੀ ਢੰਗ ਨਾਲ ਨਗਰ ਪੰਚਾਇਤ ਨੂੰ ਚਲਾ ਰਹੇ ਹਨ | ਉਨ੍ਹਾਂ ਕਿਹਾ ਕਿ ਇਕ ਪਾਸੇ ਇਕ ਛੱਪੜ 'ਚੋਂ ਪਾਣੀ ਦੀ ਨਿਕਾਸੀ ਲਈ ਕਈ ਮੋਟਰਾਂ ਅਤੇ ਬਰਮੇ ਲਗਾਏ ਗਏ ਹਨ ਪ੍ਰੰਤੂ ਸ਼ਹਿਰ ਦੇ ਐਨ ਵਿਚਾਲੇ ਸਥਿਤ ਪੰਡਿਤਾਂ ਵਾਲੇ ਛੱਪੜ 'ਚੋਂ ਪਾਣੀ ਕੱਢਣ ਲਈ ਸਿਰਫ਼ 1 ਮੋਟਰ ਲਗਾਈ ਗਈ ਹੈ ਪ੍ਰੰਤੂ ਕੁਝ ਕੌਂਸਲਰਾਂ ਦੇ ਦਬਾਅ ਹੇਠ ਇਸ ਨੰੂ ਵੀ ਸਹੀ ਤਰੀਕੇ ਨਾਲ ਨਹੀਂ ਚਲਾਇਆ ਗਿਆ | ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੀ ਪ੍ਰਧਾਨ ਇੱਕ ਮਹਿਲਾ ਕੌਂਸਲਰ ਹੈ ਪ੍ਰੰਤੂ ਉਸ ਦਾ ਘਰਵਾਲਾ ਪ੍ਰਧਾਨ ਦੀ ਕੁਰਸੀ ੰ'ਤੇ ਬੈਠ ਕੇ ਨੇਤਾਗਿਰੀ ਕਰਦਾ ਹੈ ਅਤੇ ਸਾਰੇ ਸ਼ਹਿਰ ਦੇ ਕੰਮ ਉਲਝਾਏ ਹੋਏ ਹਨ, ਤੋਂ ਇਲਾਵਾ ਕਈ ਹੋਰ ਮਹਿਲਾ ਕੌਂਸਲਰਾਂ ਦੇ ਪਤੀਆਂ ਦਾ ਰਵੱਈਆ ਵੀ ਇਹੋ ਜਿਹਾ ਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਉਕਤ ਵਿਅਕਤੀਆਂ ਵਲੋਂ ਇਸੇ ਤਰ੍ਹਾਂ ਹੀ ਧੱਕੇਸ਼ਾਹੀ ਅਤੇ ਪੱਖਪਾਤ ਜਾਰੀ ਰਿਹਾ ਤਾਂ ਉਹ ਇਸ ਦਾ ਡਟ ਕੇ ਵਿਰੋਧ ਕਰਨਗੇ |
ਪਾਣੀ ਦੀ ਨਿਕਾਸੀ ਲਈ ਜੱਦੋ ਜਹਿਦ ਜਾਰੀ-ਕਾਰਜ ਸਾਧਕ ਅਫ਼ਸਰ
-ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਰਵੀਂ ਬਾਰਸ਼ ਕਾਰਨ ਸ਼ਹਿਰ ਦੇ ਕਈ ਛੱਪੜਾਂ ਵਿਚ ਪਾਣੀ ਭਰਿਆ ਹੈ ਪ੍ਰੰਤੂ ਪਾਣੀ ਦੀ ਨਿਕਾਸੀ ਲਈ ਨਗਰ ਪੰਚਾਇਤ ਤਤਪਰਤਾ ਨਾਲ ਕਾਰਜ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਲੋੜੀਂਦਾ ਸਾਜੋ ਸਮਾਨ ਮੁਕੰਮਲ ਕਰ ਲਿਆ ਹੈ ਅਤੇ ਸਮੂਹ ਕੌਂਸਲਰਾਂ ਅਤੇ ਨਗਰ ਪੰਚਾਇਤ ਦਾ ਸਮੁੱਚਾ ਸਟਾਫ਼ ਪਾਣੀ ਦੀ ਨਿਕਾਸੀ ਲਈ ਦਿਨ ਰਾਤ ਲੱਗਿਆ ਹੋਇਆ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਿਰੰਤਰ ਹੋ ਰਹੀ ਬਾਰਸ਼ ਕਾਰਨ ਕੁਝ ਕਠਨਾਈ ਜ਼ਰੂਰ ਹੈ ਪ੍ਰੰਤੂ ਪਾਣੀ ਦੇ ਨਿਕਾਸ ਲਈ ਹਰ ਹਰਵਾ ਵਰਤਿਆ ਜਾ ਰਿਹਾ ਹੈ ਅਤੇ ਸ਼ਹਿਰਵਾਸੀ ਥੋੜ੍ਹਾ ਧੀਰਜ ਨਾਲ ਨਗਰ ਪੰਚਾਇਤ ਨੂੰ ਸਹਿਯੋਗ ਕਰਨ |
ਸੜਕ 'ਤੋਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੇ ਕੀਤਾ ਪਿੱਟ ਸਿਆਪਾ
ਅਜੀਤ ਡੈਸਕ
07-09-2025