ਮਾਨਸਾ, 26 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਕਿਸਾਨ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਦੀਆਂ ਗਿ੍ਫ਼ਤਾਰੀਆਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ | ਜਥੇਬੰਦੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਖੇਤਾਂ 'ਚ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ | ਬਲਾਕ ਮਾਨਸਾ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰਾਂ ਪਰਾਲੀ ਦਾ ਹੱਲ ਕੱਢਣ ਦੀ ਬਜਾਏ ਪੇ੍ਰਸ਼ਾਨ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਰਾਲੀ ਦਾ ਠੋਸ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਮਜ਼ਬੂਰੀ ਵੱਸ ਪਰਾਲੀ ਨੂੰ ਅੱਗ ਲਗਾਉਂਦੇ ਹਨ ਜਦਕਿ ਇਕ ਸਾਜਿਸ਼ ਤਹਿਤ ਕਿਸਾਨ ਆਗੂਆਂ ਨੂੰ ਪਰਚੇ ਦਰਜ ਕਰਕੇ ਜੇਲ੍ਹਾਂ 'ਚ ਸੁੱਟਿਆ ਜਾ ਰਿਹਾ ਹੈ, ਦੇ ਖ਼ਿਲਾਫ਼ ਪਿੰਡਾਂ 'ਚ ਲਾਮਬੰਦੀ ਕਰਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲਿ੍ਹਆ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਖੇਤਾਂ ਵਿਚੋਂ ਝੋਨੇ ਦੀ ਪਰਾਲੀ ਚੁੱਕਣ ਦਾ ਪ੍ਰਬੰਧ ਕਰੇ ਜਾਂ ਫਿਰ 200 ਰੁਪੇ ਪ੍ਰਤੀ ਕੁਇੰਟਲ ਪਰਾਲੀ 'ਤੇ ਬੋਨਸ ਦੇਵੇ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਗੋਰਾ ਸਿੰਘ ਭੈਣੀਬਾਘਾ, ਜਸਪਾਲ ਸਿੰਘ ਉੱਭਾ, ਜਸਵਿੰਦਰ ਸਿੰਘ ਬੁਰਜ ਹਰੀ, ਜਰਨੈਲ ਸਿੰਘ, ਨਛੱਤਰ ਸਿੰਘ ਖਿਆਲਾ, ਹਿੰਮਤ ਸਿੰਘ ਮਾਨਬੀਬੜੀਆਂ, ਸਤਪਾਲ ਸਿੰਘ ਅਸਪਾਲ ਕੋਠੇ, ਲੱਖਾ ਸਿੰਘ ਭੈਣੀਬਾਘਾ, ਅੰਗਰੇਜ਼ ਸਿੰਘ ਨੰਗਲ, ਅਜੈਬ ਸਿੰਘ ਨੰਗਲ ਆਦਿ ਸਨ |