ਮਾਨਸਾ 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਨੇ ਜਕੜ 'ਚ ਲਿਆ
ਅਜੀਤ ਡੈਸਕ
28-09-2025
ਸ਼ਹਿਰ 'ਚ ਫੋਗਿੰਗ ਕਰਵਾਉਣੀ ਜਾਰੀ-ਈ.ਓ.
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਕੌਂਸਲ ਵਲੋਂ ਮੱਛਰਾਂ ਦੀ ਰੋਕਥਾਮ ਲਈ ਸ਼ਹਿਰ 'ਚ ਫੋਗਿੰਗ ਕਰਵਾਉਣੀ ਜਾਰੀ ਹੈ | ਉਨ੍ਹਾਂ ਦੱਸਿਆ ਕਿ ਇਸ ਵਕਤ 3 ਮਸ਼ੀਨਾਂ ਮੱਛਰ ਮਾਰ ਦਵਾਈਆਂ ਦਾ ਛਿੜਕਾਅ ਕਰ ਰਹੀਆਂ ਹਨ ਅਤੇ 2 ਮਸ਼ੀਨਾਂ ਮੁਰੰਮਤ ਕਰਵਾਉਣ ਲਈ ਭੇਜੀਆਂ ਹੋਈਆਂ ਹਨ, ਜੋ ਜਲਦ ਹੀ ਮਿਲ ਜਾਣਗੀਆਂ |
ਸਾਵਧਾਨੀਆਂ ਵਰਤਣ ਦੀ ਲੋੜ-ਡਾ. ਜਨਕ ਰਾਜ ਸਿੰਗਲਾ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਲੋਕਾਂ ਨੂੰ ਮੌਸਮੀ ਬਿਮਾਰੀਆਂ ਦੇ ਮੱਦੇਨਜ਼ਰ ਸਾਵਧਾਨੀਆਂ ਵਰਤਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪੀਣ ਵਾਲਾ ਪਾਣੀ ਸਾਫ਼ ਸਰੋਤਾਂ ਤੋਂ ਲਿਆ ਜਾਵੇ ਅਤੇ ਉਬਾਲਣ ਉਪਰੰਤ ਠੰਢਾ ਕਰ ਕੇ ਪੀਤਾ ਜਾਵੇ | ਇਸੇ ਤਰ੍ਹਾਂ ਘਰੇਲੂ ਖਾਣੇ ਨੂੰ ਤਰਜੀਹ ਦੇਣ ਦੇ ਨਾਲ ਹੀ ਫਾਸਟ ਫੂਡ ਅਤੇ ਤਲੀਆਂ ਵਸਤਾਂ ਤੋਂ ਪਰਹੇਜ਼ ਕੀਤਾ ਜਾਵੇ | ਮੱਛਰਾਂ ਦੇ ਲਾਰਵੇ ਦੀ ਰੋਕਥਾਮ ਲਈ ਕੂਲਰਾਂ, ਗਮਲਿਆਂ, ਫ਼ਰਿਜ ਆਦਿ ਦੀਆਂ ਟਰੇਆਂ ਅਤੇ ਛੱਤਾਂ 'ਤੇ ਪਏ ਟਾਇਰਾਂ 'ਚੋਂ ਪਾਣੀ ਕੱਢਿਆ ਜਾਵੇ ਤਾਂ ਕਿ ਮੱਛਰਾਂ ਦਾ ਲਾਰਵਾ ਪੈਦਾ ਨਾ ਹੋ ਸਕੇ |