ਮਾਨਸਾ, 31 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਵਿਚ ਨਸ਼ਿਆਂ ਦੇ ਆਦੀ ਹੋਣ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ | 30 ਸਾਲ ਤੱਕ ਦੀ ਉਮਰ ਦੇ ਨੌਜਵਾਨ ਇਸ ਦੇ ਵਧ ਗਿ੍ਫ਼ਤ ਵਿਚ ਆ ਰਹੇ ਹਨ | ਅਜੋਕੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ | ਜੇਕਰ ਅਸੀਂ ਸੁਚੇਤ ਨਾ ਹੋਏ ਤਾਂ ਭਵਿੱਖ ਵਿਚ ਸਾਨੂੰ ਬਹੁਤ ਗੰਭੀਰ ਸਿੱਟੇ ਭੁਗਤਣੇ ਪੈਣਗੇ | ਇਹ ਪ੍ਰਗਟਾਵਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰਾਜਵਿੰਦਰ ਕੌਰ ਨੇ ਸਥਾਨਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਖੇ ਲੀਗਲ ਲਿਟਰੇਸੀ ਕਲੱਬ ਵਲੋਂ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਨਸ਼ਿਆਂ ਦੀ ਰੋਕਥਾਮ ਅਤੇ ਪੀੜਤਾਂ ਦੇ ਇਲਾਜ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਹਨ | ਸੀਨੀਅਰ ਐਡਵੋਕੇਟ ਬਲਵੰਤ ਭਾਟੀਆ ਨੇ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੂਅਲ ਆਫੈਂਸਿਸ ਐਕਟ-2012 ਦੀਆਂ ਵੱਖ-ਵੱਖ ਧਾਰਾਵਾਂ 'ਤੇ ਚਰਚਾ ਕੀਤੀ | ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਯੌਨ ਸੋਸ਼ਣ ਅਤਿ ਘਿ੍ਣਿਤ ਜੁਰਮ ਹੈ | ਬੱਚਿਆਂ ਨੂੰ ਗ਼ਲਤ ਤਰੀਕੇ ਨਾਲ ਰੋਕਣਾ, ਉਨ੍ਹਾਂ ਦੀਆਂ ਤਸਵੀਰਾਂ ਖਿੱਚਣਾ, ਵੀਡੀਓ ਬਣਾਉਣਾ, ਕੋਈ ਇਤਰਾਜਯੋਗ ਚੀਜ ਵਿਖਾਉਣਾ, ਇਤਰਾਜਯੋਗ ਇਸ਼ਾਰਾ ਕਰਨਾ, ਅਸ਼ਲੀਲ ਰੂਪ 'ਚ ਪੇਸ਼ ਕਰਨਾ ਆਦਿ ਅਨੇਕਾਂ ਅਜਿਹੀਆਂ ਕਾਰਵਾਈਆਂ ਹਨ, ਜੋ ਇਸ ਐਕਟ ਤਹਿਤ ਦੰਡਣਯੋਗ ਹਨ | ਪੀੜਤਾਂ ਲਈ ਮੁਆਵਜ਼ੇ ਦੀ ਵੀ ਵਿਵਸਥਾ ਹੈ | ਕਾਲਜ ਪਿ੍ੰਸੀਪਲ ਡਾ. ਹਰਦੀਪ ਸਿੰਘ ਨੇੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਵਿੱਖ 'ਚ ਵੀ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ | ਸਮਾਗਮ ਦੇ ਕੋਆਰਡੀਨੇਟਰ ਡਾ. ਰਾਵਿੰਦਰ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਕਾਨੂੰਨੀ ਅਥਾਰਿਟੀ ਵਲੋਂ ਅਜਿਹੇ ਸੈਮੀਨਾਰ ਕਰਵਾਉਣਾ ਸ਼ਲਾਘਾਯੋਗ ਕਦਮ ਹੈ | ਇਸ ਮੌਕੇ ਪ੍ਰੋ. ਸੁਖਦੀਪ ਸਿੰਘ, ਡਾ. ਸੀਮਾ ਜਿੰਦਲ, ਡਾ. ਅਵਿਨਾਸ਼ ਕੁਮਾਰ, ਡਾ. ਅਮਨਦੀਪ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਸਿੰਪਲ ਬਾਂਸਲ, ਡਾ. ਆਸ਼ੂ ਗਰਗ, ਡਾ. ਹਰਵਿੰਦਰ ਕੌਰ, ਪ੍ਰੋ. ਸੈਰੀ, ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਹਰਸ਼ ਕੁਮਾਰ, ਪ੍ਰੋ. ਪਰਮਜੀਤ ਕੌਰ, ਪ੍ਰੋ. ਸੰਯੋਗ ਸੇਠੀ, ਡਾ. ਸਤਵੀਰ ਕੌਰ, ਪ੍ਰੋ. ਪ੍ਰਭਾ ਦੇਵੀ, ਪ੍ਰੋ. ਕੁਲਦੀਪ ਸਿੰਘ, ਪ੍ਰੋ. ਬੇਅੰਤ ਕੌਰ, ਡਾ. ਹਿਮਾਂਸ਼ੂ ਜਿੰਦਲ ਆਦਿ ਹਾਜ਼ਰ ਸਨ |