ਮਾਨਸਾ, 1 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵਲੋਂ ਸਥਾਨਕ ਐਸ.ਡੀ. ਕੰਨਿਆ ਮਹਾਂਵਿਦਿਆਲਾ ਵਿਖੇ ਮਾਨਸਾ ਜੋਨ ਦਾ ਖੇਤਰੀ ਯੁਵਕ ਮੇਲਾ ਕਰਵਾਇਆ ਗਿਆ | ਇਸ ਮੇਲੇ 'ਚ 43 ਕਾਲਜਾਂ ਦੀਆਂ ਟੀਮਾਂ ਵਲੋਂ ਆਪਣੀਆਂ ਕਲਾਵਾਂ ਦੀ ਪੇਸ਼ਕਾਰੀ ਕੀਤੀ ਗਈ | ਗੁਰੂ ਨਾਨਕ ਕਾਲਜ ਬੁਢਲਾਡਾ ਵਿਦਿਆਰਥੀ ਕਲਾਕਾਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਓਵਰਆਲ ਚੈਂਪੀਅਨ ਬਣਿਆ | ਮੇਜ਼ਬਾਨ ਕਾਲਜ ਨੇ ਓਵਰਆਲ ਦੂਸਰਾ ਅਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਨੇ ਤੀਜਾ ਸਥਾਨ ਹਾਸਲ ਕੀਤਾ | ਕਾਬਲੇ-ਗ਼ੌਰ ਰਹੇ ਗੁਰੂ ਨਾਨਕ ਕਾਲਜ ਪਿਛਲੇ ਦਹਾਕੇ ਤੋਂ ਖੇਤਰੀ ਯੁਵਕ ਮੇਲੇ 'ਚ ਧਾਕ ਜਮਾਉਂਦਾ ਆ ਰਿਹਾ ਹੈ | ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਡਾ. ਜਗਦੀਪ ਸਿੰਘ ਉਪ ਕੁਲਪਤੀ ਪੰਜਾਬੀ 'ਵਰਸਿਟੀ ਅਤੇ ਮਾਨਸਾ ਹਲਕੇ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਨਿਭਾਈ | ਵਾਇਸ ਚਾਂਸਲਰ ਡਾ. ਜਗਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਬੱਚਿਆਂ ਨੂੰ ਵਿਰਾਸਤ ਤੇ ਮਾਤ ਭਾਸ਼ਾ ਨਾਲ ਜੋੜਨਾ ਸਮੇਂ ਦੀ ਲੋੜ ਹੈ ਉੱਥੇ ਮਾਪਿਆਂ ਤੇ ਅਧਿਆਪਕਾਂ ਦਾ ਵੀ ਫ਼ਰਿਜ ਬਣਦਾ ਹੈ ਕਿ ਉਹ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਯਤਨ ਜੁਟਾਉਣ | ਉਨ੍ਹਾਂ ਕਿਹਾ ਕਿ ਅਜੋਕੇ ਤੇਜ਼ ਤਰਾਰ ਜ਼ਮਾਨੇ 'ਚ ਵਧੇਰੀਆਂ ਭਾਸ਼ਾਵਾਂ 'ਤੇ ਪਕੜ ਵੀ ਜ਼ਰੂਰੀ ਹੈ ਪਰ ਅਫ਼ਸੋਸ ਵਾਲੀ ਗੱਲ ਇਹ ਹੈ ਕਿ ਕਾਫ਼ੀ ਸਕੂਲਾਂ 'ਚ ਗੱਲਬਾਤ ਸਮੇਂ ਜਿੱਥੇ ਅੰਗਰੇਜ਼ੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਉੱਥੇ ਅਧਿਆਪਕ ਵੀ ਭਾਸ਼ਣ 'ਚ ਅੰਗਰੇਜ਼ੀ ਦਾ ਬੋਲਬਾਲਾ ਰੱਖਦੇ ਹਨ | ਵਿਧਾਇਕ ਸਿੰਗਲਾ ਨੇ ਆਖਿਆ ਕਿ ਪੰਜਾਬ ਸਰਕਾਰ ਵਿਰਾਸਤ ਨੂੰ ਸੰਭਾਲਣ ਲਈ ਨਿੱਗਰ ਯਤਨ ਜੁਟਾ ਰਹੀ ਹੈ | ਇਸ ਮੌਕੇ ਡਾ. ਭੀਮਇੰਦਰ ਸਿੰਘ ਡਾਇਰੈਕਟਰ ਯੁਵਕ ਭਲਾਈ ਵਿਭਾਗ ਪੰਜਾਬੀ 'ਵਰਸਿਟੀ, ਡੈਨੀ ਸ਼ਰਮਾ ਪਟਿਆਲਾ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਸ਼ਾਮ ਚੌਧਰੀ ਚੀਫ਼ ਕਮਰਸ਼ੀਅਲ ਅਫ਼ਸਰ ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ, ਐਸੋਸੀਏਸ਼ਨ ਮੈਨੇਜਰ ਕੁਨਾਲ ਵਰਮਾ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜੀ: ਵਿਨੋਦ ਕੁਮਾਰ ਜਿੰਦਲ, ਵਾਇਸ ਆਫ਼ ਮਾਨਸਾ ਦੇ ਜਨਰਲ ਸਕੱਤਰ ਵਿਸ਼ਵਜੀਤ ਸਿੰਘ ਬਰਾੜ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਪਿ੍ੰਸੀਪਲ ਤੇ ਅਧਿਆਪਕ ਹਾਜ਼ਰ ਸਨ |