ਮਾਨਸਾ/ਬੁਢਲਾਡਾ, 17 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ,ਰਾਵਿੰਦਰ ਸਿੰਘ ਰਵੀ,ਸਵਰਨ ਸਿੰਘ ਰਾਹੀ)- ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ 11 ਜ਼ੋਨਾਂ 'ਚੋਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ | ਕਾਬਲੇ-ਗ਼ੌਰ ਰਹੇ ਆਮ ਆਦਮੀ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਨੇ ਸਾਰੇ ਜ਼ੋਨਾਂ 'ਤੇ ਚੋਣ ਲੜੀ ਸੀ ਜਦਕਿ ਕਾਂਗਰਸ 9, ਬਹੁਜਨ ਸਮਾਜ ਪਾਰਟੀ 5 ਤੇ ਭਾਜਪਾ ਦੇ 3 ਉਮੀਦਵਾਰ ਕਿਸਮਤ ਅਜ਼ਮਾ ਰਹੇ ਸਨ | 'ਆਪ' ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਬੜ੍ਹਤ ਰਹੀ ਹੈ | ਕਾਂਗਰਸ ਤੇ ਭਾਜਪਾ ਦਾ ਖਾਤਾ ਵੀ ਨਹੀਂ ਖੁੱਲਿ੍ਹਆ | ਦੇਰ ਰਾਤ ਹਾਸਲ ਹੋਏ ਨਤੀਜਿਆਂ ਮੁਤਾਬਿਕ ਬੋੜਾਵਾਲ ਜ਼ੋਨ ਤੋਂ ਆਪ ਦੇ ਚੁਸਪਿੰਦਰਵੀਰ ਸਿੰਘ ਚਹਿਲ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਉੱਥੇ ਬੱਛੋਆਣਾ ਜ਼ੋਨ ਤੋਂ ਅਕਾਲੀ ਆਗੂ ਅਮਰਜੀਤ ਸਿੰਘ ਕੁਲਾਣਾ ਦੀ ਪਤਨੀ ਕੁਲਜੀਤ ਕੌਰ ਨੇ ਆਪਣੇ ਨੇੜਲੇ ਵਿਰੋਧੀ ਆਪ ਦੀ ਉਮੀਦਵਾਰ 3172 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਹੈ | ਇਸੇ ਤਰ੍ਹਾਂ ਕੁੱਲਰੀਆਂ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਜਸਵੀਰ ਸਿੰਘ ਜੱਸੂ ਕੁੱਲਰੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ ਸੇਖੂਪੁਰ ਖੁਡਾਲ ਨੂੰ 1598 ਵੋਟਾਂ ਦੇ ਫ਼ਰਕ ਨਾਲ ਪਛਾੜਿਆ ਹੈ | ਦਲੇਲ ਸਿੰਘ ਵਾਲਾ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਸਮਾਓਾ ਵੀ ਜਿੱਤ ਪੌੜੀਆਂ ਚੜ੍ਹ ਗਏ ਹਨ | ਉਨ੍ਹਾਂ ਆਪਣੇ ਨੇੜਲੇ ਵਿਰੋਧੀ ਆਪ ਦੀ ਸੁਰਿੰਦਰ ਕੌਰ ਗੁੜਥੜੀ ਨੰੂ ਮਾਤ ਦਿੱਤੀ ਹੈ | ਰਾਏਪੁਰ ਜ਼ੋਨ ਤੋਂ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਚਹਿਲ ਦੀ ਮਾਤਾ ਗੁਰਨਾਮ ਕੌਰ ਜੇਤੂ ਰਹੇ ਹਨ | ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੀ ਗੁਰਪ੍ਰੀਤ ਕੌਰ ਤੇ ਆਪ ਦੀ ਸ਼ਰਨਜੀਤ ਕੌਰ ਸਨ | ਝੰਡਾ ਕਲਾਂ ਜ਼ੋਨ ਤੋਂ ਆਪ ਦੇ ਕੁਲਵੰਤ ਸਿੰਘ ਸੰਘਾ ਜੇਤੂ ਰਹੇ ਹਨ | ਉਨ੍ਹਾਂ ਅਕਾਲੀ ਦਲ ਦੇ ਨਿਹਾਲ ਸਿੰਘ ਸੰਘਾ ਨੂੰ ਪਛਾੜਿਆ ਹੈ | ਅੱਕਾਂਵਾਲੀ ਜ਼ੋਨ ਤੋਂ ਆਪ ਦੀ ਗੁਰਮੀਤ ਕੌਰ ਜੇਤੂ ਰਹੇ ਹਨ | ਉਨ੍ਹਾਂ ਅਕਾਲੀ ਦਲ ਦੀ ਗੁਰਮੇਲ ਕੌਰ ਹਾਕਮਵਾਲਾ ਨੰੂ ਹਰਾਇਆ ਹੈ | ਝੁਨੀਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਫੱਤਾ ਮਾਲੋਕਾ ਤੇ ਅਕਲੀਆ ਜ਼ੋਨ ਤੋਂ ਆਪ ਦੀ ਲਾਭ ਕੌਰ ਜੇਤੂ ਰਹੇ ਹਨ | ਨੰਗਲ ਕਲਾਂ ਤੇ ਭੈਣੀਬਾਘਾ ਜ਼ੋਨ 'ਚ ਗਿਣਤੀ ਚੱਲ ਰਹੀ ਸੀ ਅਤੇ ਮਾਨਸਾ ਹਲਕੇ ਦੇ 2 ਸੰਮਤੀ ਜ਼ੋਨਾਂ 'ਚ ਵੀ ਗਿਣਤੀ ਰੁਕੀ ਹੋਈ ਸੀ |
ਜ਼ਿਲ੍ਹਾ ਪ੍ਰੀਸ਼ਦ ਮਾਨਸਾ 'ਚ ਆਪ ਤੇ ਅਕਾਲੀ ਦਲ ਦੇ ਉਮੀਦਵਾਰ ਰਹੇ ਜੇਤੂ <br/>
ਅਜੀਤ ਡੈਸਕ
18-12-2025