ਮਾਨਸਾ, 20 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਪੁਲਿਸ ਮਾਨਸਾ ਵਲੋਂ ਅਪਰੇਸ਼ਨ ਕਾਸੋ ਤਹਿਤ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਗਈ | ਇਸੇ ਦੌਰਾਨ ਕੁਝ ਸ਼ੱਕੀ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਗਿਆ | ਇਸ ਮੁਹਿੰਮ ਦਾ ਮਕਸਦ ਜਿੱਥੇ ਤਸਕਰਾਂ ਨੂੰ ਦਬੋਚਣ ਦਾ ਸੀ ਉੱਥੇ ਨਸ਼ਿਆਂ 'ਚ ਗ੍ਰਸਤ ਹੋਏ ਨੌਜਵਾਨਾਂ ਨੂੰ ਪ੍ਰੇਰ ਕੇ ਨਸ਼ਾ ਛਡਾਊ ਕੇਂਦਰ 'ਚ ਦਾਖਲ ਕਰਵਾ ਕੇ ਨਸ਼ੇ ਤੋਂ ਮੁਕਤ ਕਰਨ ਦਾ ਹੈ | ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਜ਼ਿਲੇ੍ਹ 'ਚ 40 ਸ਼ੱਕੀ ਥਾਵਾਂ, ਜਿੱਥੇ ਨਸ਼ਾ ਤਸਕਰੀ ਜਾਂ ਨਸ਼ੇੜੀ ਨਸ਼ਾ ਕਰਦਾ ਹਨ, 'ਤੇ ਅਚਾਨਕ ਛਾਪੇਮਾਰੀ ਕਰਨ ਦੇ ਨਾਲ ਹੀ ਚੈਕਿੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ 400 ਦੇ ਕਰੀਬ ਪੁਲਿਸ ਕਰਮਚਾਰੀ ਮੁਸਤੈਦ ਸਨ | ਐੱਸ.ਐੱਸ.ਪੀ. ਅਨੁਸਾਰ ਹੁਣ ਤੱਕ ਜ਼ਿਲੇ੍ਹ 'ਚ 2100 ਤੋਂ ਵਧੇਰੇ ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰਾਂ 'ਚ ਦਾਖਲ ਕਰਵਾ ਕੇ ਨਸ਼ਾ ਮੁਕਤ ਕਰਵਾਇਆ ਗਿਆ ਹੈ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਦਾ ਸਹਿਯੋਗ ਕਰਨ | ਉਨ੍ਹਾਂ ਕਿਹਾ ਕਿ ਮਾੜੇ ਅਨਸਰਾਂ ਦੀ ਸੂਚਨਾ ਦੇਣ ਵਾਲੇ ਵਿਅਕਤੀਆਂ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ | ਇਸ ਮੌਕੇ ਬੂਟਾ ਸਿੰਘ ਗਿੱਲ ਡੀ.ਐੱਸ.ਪੀ. ਸਬ ਡਵੀਜ਼ਨ ਮਾਨਸਾ, ਥਾਣਾ ਸ਼ਹਿਰੀ-1 ਦੇ ਮੁਖੀ ਸੁਖਜੀਤ ਸਿੰਘ ਆਦਿ ਹਾਜ਼ਰ ਸਨ |
ਮਾਨਸਾ ਪੁਲਿਸ ਵਲੋਂ ਜ਼ਿਲੇ੍ਹ 'ਚ ਆਪ੍ਰੇਸ਼ਨ ਕਾਸੋ ਤਹਿਤ 40 ਸ਼ੱਕੀ ਥਾਵਾਂ 'ਤੇ ਚੈਕਿੰਗ <br/>
ਅਜੀਤ ਡੈਸਕ
21-12-2025