ਮਾਨਸਾ, 21 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਤੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਮਾਲਵਾ ਪੱਛਮੀ ਦੇ ਕੁਆਰਡੀਨੇਟਰ ਚੁਸਪਿੰਦਰਵੀਰ ਸਿੰਘ ਚਹਿਲ ਨੇ ਸਪੱਸ਼ਟ ਆਖਿਆ ਹੈ ਕਿ ਉਹ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਪਦ ਲਈ ਪੂਰੀ ਦਾਅਵੇਦਾਰੀ ਜਿਤਾ ਰਹੇ ਹਨ | ਜ਼ਿਕਰਯੋਗ ਹੈ ਕਿ ਚੁਸਪਿੰਦਰਵੀਰ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬੋੜਾਵਾਲ ਤੋਂ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ | ਉਨ੍ਹਾਂ ਆਪਣੇ ਨੇੜਲੇ ਵਿਰੋਧੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੀਰੋਕੇ ਨੂੰ 2680 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ | 'ਅਜੀਤ' ਉਪ ਦਫ਼ਤਰ ਮਾਨਸਾ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਚਹਿਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ 'ਤੇ ਉਸ ਨੇ ਆਪਣੇ ਵਿਧਾਨ ਸਭਾ ਹਲਕੇ ਤੋਂ ਬਾਹਰਲੇ ਜ਼ੋਨ 'ਚ ਚੋਣ ਲੜੀ ਹੈ ਅਤੇ ਵਰਕਰਾਂ ਤੇ ਵੋਟਰਾਂ ਤੋਂ ਮਿਲੇ ਹੁੰਗਾਰੇ ਸਦਕਾ ਜਿੱਤ ਪ੍ਰਾਪਤ ਕੀਤੀ ਹੈ | ਉਨ੍ਹਾਂ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਦੇ ਸਹਿਯੋਗ ਨਾਲ ਜ਼ੋਨ 'ਚ ਪੈਂਦੇ ਸਾਰੇ ਪਿੰਡਾਂ ਦਾ ਵਿਕਾਸ ਬਰਾਬਰਤਾ ਦੇ ਆਧਾਰ 'ਤੇ ਕੀਤਾ ਜਾਵੇਗਾ | ਜ਼ਿਕਰ ਕਰਨਾ ਬਣਦਾ ਹੈ ਕਿ ਬੋੜਾਵਾਲ ਜ਼ੋਨ 'ਤੇ ਰਾਜਸੀ ਹਲਕਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆ ਸਨ ਅਤੇ ਚੁਸਪਿੰਦਰਵੀਰ ਨੂੰ ਵਿਰੋਧੀਆਂ ਦੇ ਨਾਲ ਹੀ ਆਪ ਦੇ ਕਈ ਆਗੂਆਂ ਵਲੋਂ ਵੀ ਅੰਦਰੋਂ ਚੁਨੌਤੀ ਸੀ ਪਰ ਉਸ ਨੇ ਆਪਣੇ ਦਮ-ਖਮ 'ਤੇ ਜਿੱਤ ਹਾਸਿਲ ਕਰ ਕੇ ਰਾਜਸੀ ਕੱਦ ਵੱਡਾ ਕਰ ਲਿਆ ਹੈ | ਚੁਸਪਿੰਦਰਵੀਰ ਸਿੰਘ ਚਹਿਲ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ 'ਤੇ ਖਰੀ ਉੱਤਰੀ ਹੈ | ਉਨ੍ਹਾਂ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦਾ ਕੋਹੜ ਵੱਢਣ ਲਈ ਮੁਹਿੰਮ ਦਾ ਹਿੱਸਾ ਬਣਨ ਅਤੇ ਨਸ਼ਿਆਂ ਦੀ ਦਲ ਦਲ 'ਚ ਫਸੇ ਨੌਜਵਾਨਾਂ ਨੂੰ ਮੁੜ ਸਿੱਧੇ ਰਾਹ 'ਤੇ ਲਿਆਉਣ ਲਈ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜਨ |
ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਪਦ ਲਈ ਪੂਰੀ ਦਾਅਵੇਦਾਰੀ ਜਿਤਾ ਰਿਹੈ-ਚੁਸਪਿੰਦਰਵੀਰ ਸਿੰਘ ਚਹਿਲ <br/>
ਅਜੀਤ ਡੈਸਕ
22-12-2025