ਮਾਨਸਾ, 23 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਸੈਸ਼ਨ ਜੱਜ ਮਾਨਸਾ ਮਨਜਿੰਦਰ ਸਿੰਘ ਦੀ ਅਦਾਲਤ ਨੇ ਨਵਨੀਤ ਚਤੁਰਵੇਦੀ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ | ਜ਼ਿਕਰਯੋਗ ਹੈ ਕਿ ਉਪਰੋਕਤ ਵਿਅਕਤੀ ਖ਼ਿਲਾਫ਼ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਸ਼ਿਕਾਇਤ 'ਤੇ ਸਰਦੂਲਗੜ੍ਹ ਪੁਲਿਸ ਵਲੋਂ ਇਸੇ ਸਾਲ 13 ਅਕਤੂਬਰ ਨੂੰ ਧਾਰਾ 318(4), 336 (2,34) ਅਤੇ 338 ਮੁਕੱਦਮਾ ਦਰਜ ਕੀਤਾ ਗਿਆ ਸੀ | ਵਿਧਾਇਕ ਦਾ ਦੋਸ਼ ਸੀ ਕਿ ਉਕਤ ਵਿਅਕਤੀ ਨੇ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਉਨ੍ਹਾਂ ਦੇ ਫ਼ਰਜ਼ੀ ਦਸਤਖ਼ਤ ਕੀਤੇ ਹਨ | ਬਣਾਂਵਾਲੀ ਨੇ ਸਪਸ਼ਟ ਕਿਹਾ ਸੀ ਕਿ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਚਤੁਰਵੇਦੀ ਨੇ ਮੰਦਭਾਵਨਾ ਨਾਲ ਇਕ ਸਾਜ਼ਿਸ਼ ਤਹਿਤ ਰਾਜ ਦੇ ਕੁਝ ਵਿਧਾਇਕਾਂ ਦੇ ਗ਼ਲਤ ਦਸਤਖ਼ਤ ਕੀਤੇ ਹਨ | ਭਾਵੇਂ ਚਤੁਰਵੇਦੀ ਇਸ ਵੇਲੇ ਰੋਪੜ ਜੇਲ੍ਹ 'ਚ ਬੰਦ ਹੈ ਪਰ ਫਿਰ ਵੀ ਉਸ ਵਲੋਂ ਸਥਾਨਕ ਅਦਾਲਤ 'ਚ ਅਗਾਊਾ ਜ਼ਮਾਨਤ ਲਈ ਅਰਜ਼ੀ ਲਗਾਈ ਹੋਈ ਸੀ | ਵਿਧਾਇਕ ਦੇ ਵਕੀਲ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਮਾਣਯੋਗ ਜੱਜ ਨੇ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ |