ਮਾਨਸਾ, 29 ਦਸੰਬਰ (ਰਾਵਿੰਦਰ ਸਿੰਘ ਰਵੀ)-ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ ਵਲੋਂ ਕਰਵਾਏ ਗਰੀਨ ਸਕੂਲ ਆਡਿਟ 'ਚ ਮਾਨਸਾ ਨੇ ਪੰਜਾਬ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਦੱਸ ਦੇਈਏ ਕਿ ਸੂਬੇ ਦੇ 218 ਸਕੂਲਾਂ ਨੂੰ ਗਰੀਨ ਸਕੂਲ ਐਲਾਨਿਆ ਗਿਆ ਹੈ, ਜਿਸ 'ਚ ਸਭ ਤੋਂ ਵੱਧ 31 ਸਕੂਲ ਮਾਨਸਾ ਦੇ ਹਨ, ਜਿਨਾਂ 'ਚ 11 ਸਰਕਾਰੀ ਪ੍ਰਾਇਮਰੀ, 8 ਹਾਈ ਤੇ 12 ਸੀਨੀਅਰ ਸੈਕੰਡਰੀ ਸ਼ਾਮਿਲ ਹਨ | ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ, ਰੱਲੀ, ਬੱਪੀਆਣਾ, ਬੁਰਜ ਹਰੀ, ਦੋਦੜਾ, ਕੱਲੋ, ਖੜਕ ਸਿੰਘ ਵਾਲਾ, ਖੀਵਾ ਖ਼ੁਰਦ, ਰਾਏਪੁਰ, ਰੰਘੜਿਆਲ ਤੇ ਰੜ, ਸਰਕਾਰੀ ਹਾਈ ਸਕੂਲ ਬਹਾਦਰਪੁਰ, ਹੀਰੋਂ ਕਲਾਂ, ਮੰਢਾਲੀ, ਮਲਕੋਂ, ਦਲੇਲ ਵਾਲਾ, ਕੁਲਾਣਾ, ਅਹਿਮਦਪੁਰ ਤੇ ਬੁਰਜ ਹਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਖੀ (ਕੰਨਿਆ), ਜਟਾਣਾ ਕਲਾਂ, ਖਾਰਾ, ਬਰੇ, ਰੰਘੜਿਆਲ, ਜੌੜਕੀਆਂ, ਕਾਹਨਗੜ, ਦਲੇਲ ਸਿੰਘ ਵਾਲਾ, ਧਰਮਪੁਰਾ, ਰਿਉਂਦ ਕਲਾਂ, ਸੈਦੇਵਾਲਾ ਤੇ ਰੱਲੀ ਸਕੂਲ ਦਾ ਨਾਂਅ ਗਰੀਨ ਸਕੂਲਾਂ ਦੀ ਸੂਚੀ ਦਰਜ ਕੀਤਾ ਗਿਆ ਹੈ | ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਸਕੂਲ ਮੁਖੀਆਂ ਦਾ 30 ਜਨਵਰੀ ਨੂੰ ਨਵੀਂ ਦਿੱਲੀ ਵਿਖੇ ਸਨਮਾਨ ਕੀਤਾ ਜਾਵੇਗਾ |