ਮਾਨਸਾ, 29 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਯੂਥ ਕਾਂਗਰਸ ਵਲੋਂ ਸਥਾਨਕ ਐਸ.ਐਸ.ਪੀ. ਦੇ ਦਫ਼ਤਰ ਨੇੜੇ ਰੋਸ ਧਰਨਾ ਲਗਾਇਆ ਗਿਆ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਗੜਬੜਾਈ ਹੋਈ ਹੈ ਜਦਕਿ ਹਾਕਮ ਧਿਰ ਦੇ ਕੰਨਾਂ 'ਤੇ ਜੰੂ ਨਹੀਂ ਸਰਕ ਰਹੀ ਅਤੇ ਪੁਲਿਸ ਵਲੋਂ ਵੀ ਬਣਦਾ ਰੋਲ ਨਹੀਂ ਨਿਭਾਇਆ ਜਾ ਰਿਹਾ | ਪੰਜਾਬ ਸਰਕਾਰ ਦਾ ਪੁਤਲਾ ਫੂਕਣ ਮੌਕੇ ਨੌਜਵਾਨਾਂ ਨੇ ਤਿੱਖੀ ਨਾਅਰੇਬਾਜ਼ੀ ਕੀਤੀ | ਉਨਾਂ ਕਿਹਾ ਕਿ ਰਾਜ 'ਚ ਨਿੱਤ ਰੋਜ਼ ਕਤਲ, ਲੁੱਟਾਂ-ਖੋਹਾਂ ਹੋ ਰਹੀਆਂ ਹਨ ਅਤੇ ਲੋਕ ਸਹਿਮ 'ਚ ਜਿਉਂ ਰਹੇ ਹਨ | ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੰਯੋਗਪ੍ਰੀਤ ਸਿੰਘ ਡੈਵੀ ਤੇ ਕਾਂਗਰਸ ਆਗੂ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਆਪ ਸਰਕਾਰ ਦੇ ਗਠਨ ਉਪਰੰਤ ਰਾਜ ਹਰ ਪੱਖੋਂ ਪਿਛਾਂਹ ਗਿਆ ਹੈ | ਉਨਾਂ ਇਹ ਵੀ ਦੋਸ਼ ਲਗਾਇਆ ਕਿ ਰਾਜ ਦੇ ਸਰਮਾਏ ਨੂੰ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਰਹਿਬਰ ਲੁੱਟ ਰਹੇ ਹਨ ਜਦਕਿ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਵਾਅਦੇ ਪੂਰੇ ਨਾ ਹੋਣ ਕਰ ਕੇ ਲੋਕ ਤਰਾਹ-ਤਰਾਹ ਕਰ ਰਹੇ ਹਨ | ਜ਼ਿਲ੍ਹਾ ਪੁਲਿਸ ਮੁਖੀ ਰਾਹੀਂ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਵੀ ਭੇਜਿਆ ਗਿਆ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਚਮਕੌਰ ਸਿੰਘ ਸਿੱਧੂ, ਲਛਮਣ ਸਿੰਘ ਦਸੌਂਦੀਆ, ਇਕਬਾਲ ਸਿੰਘ, ਕੁਲਵਿੰਦਰ ਸਿੰਘ ਦਿਆਲਪੁਰਾ, ਬੀਰਇੰਦਰ ਸਿੰਘ ਧਾਲੀਵਾਲ, ਸੰਤਾ ਸਿੰਘ ਬਰਨਾਲਾ, ਰਾਵਲ ਸਿੰਘ ਕੋਟੜਾ, ਬਲਜੀਤ ਸਿੰਘ ਮਾਖਾ, ਪ੍ਰਦੀਪ ਸਿੰਘ ਮਾਖਾ, ਜਸਵਿੰਦਰ ਸਿੰਘ ਕੋਰਵਾਲਾ, ਜਗਦੀਪ ਸਿੰਘ ਜਵਾਹਰਕੇ, ਗੁਰਵਿੰਦਰ ਸਿੰਘ ਭਲਾਈਕੇ ਆਦਿ ਸਨ | ਧਰਨੇ ਮੌਕੇ ਜ਼ਿਲ੍ਹਾ ਪ੍ਰਧਾਨ ਸੰਯੋਗਪ੍ਰੀਤ ਸਿੰਘ ਡੈਵੀ ਤੇ ਕਾਰਜਕਾਰੀ ਪ੍ਰਧਾਨ ਕਰਨ ਹੋਡਲਾ ਵਿਚਕਾਰ ਕਿਸੇ ਗੱਲੋਂ ਤੂੰ-ਤੂੰ, ਮੈਂ-ਮੈਂ ਵੀ ਹੋ ਗਈ | ਮੌਕੇ 'ਤੇ ਸੀਨੀਅਰ ਆਗੂਆਂ ਨੇ ਇਕ ਵਾਰ ਮਸਲਾ ਠੰਢਾ ਕਰਵਾ ਦਿੱਤਾ | ਜ਼ਿਕਰਯੋਗ ਹੈ ਕਿ ਹੋਡਲਾ ਨੂੰ ਕੁਝ ਦਿਨ ਪਹਿਲਾਂ ਹੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ |
ਯੂਥ ਕਾਂਗਰਸ ਵਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਅਜੀਤ ਡੈਸਕ
30-12-2025