ਬਠਿੰਡਾ, 29 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਜ਼ਿਲ੍ਹਾ ਪੁਲਿਸ ਨੇ ਅਲੱਗ-ਅਲੱਗ ਥਾਵਾਂ ਤੋਂ ਚਾਰ ਵਿਅਕਤੀਆਂ ਨੂੰ ਭਾਰੀ ਮਾਤਰਾ 'ਚ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਵਿਚੋਂ 536.26 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਿਨ੍ਹਾਂ ਦੇ ਖਿਲਾਫ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪਹਿਲੇ ਮਾਮਲੇ 'ਚ ਥਾਣਾ ਸਿਵਲ ਲਾਇਨ ਦੇ ਐਸ.ਆਈ. ਹਰਜੀਵਨ ਸਿੰਘ ਨੇ ਦੱਸਿਆ ਕਿ ਭਾਗੂ ਰੋਡ ਟੀ-ਪੁਆਇੰਟ ਦੇ ਕੋਲ ਇਕ ਸ਼ੱਕੀ ਐਕਟਿਵਾ ਨੰਬਰ ਐਚ.ਆਰ.-25.ਕੇ.-2417 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਚਾਲਕ ਦੇ ਕੋਲੋਂ 524 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ | ਪੁਲਿਸ ਨੇ ਮੁਲਜ਼ਮ ਰਾਹੁਲ ਵਾਸੀ ਹਰਬੰਸ ਨਗਰ ਨੂੰ ਮੌਕੇ 'ਤੇ ਹੀ ਗਿ੍ਫ਼ਤਾਰ ਕਰ ਲਿਆ ਹੈ | ਸਬ ਇੰਸਪੈਕਟਰ ਹਰਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਅੱਗੇ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿ ਇੰਨੀ ਵੱਡੀ ਮਾਤਰਾ 'ਚ ਹੈਰੋਇਨ ਉਸ ਨੇ ਕਿਸ ਤੋਂ ਖ਼ਰੀਦ ਕੀਤੀ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕਰਨੀ ਸੀ | ਇਸੇ ਤਰ੍ਹਾਂ ਥਾਣਾ ਕੈਂਟ ਪੁਲਿਸ ਨੇ ਪਿੰਡ ਬੀਬੀ ਵਾਲਾ ਕੋਲੋਂ ਗਿਆਨ ਖਾਨ ਵਾਸੀ ਗੋਬਿੰਦ ਪੁਰਾ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 3.24 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ | ਮੁਲਜ਼ਮ ਦੇ ਖਿਲਾਫ ਥਾਣਾ ਕੈਂਟ 'ਚ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਉਸ ਨੂੰ ਬਰਜਮਾਨਤ ਰਿਹਾਅ ਕੀਤਾ ਗਿਆ ਹੈ | ਤੀਸਰੇ ਮਾਮਲੇ 'ਚ ਥਾਣਾ ਕੋਟਫੱਤਾ ਦੀ ਪੁਲਿਸ ਨੇ ਪਿੰਡ ਕੋਟਫੱਤਾ ਤੋਂ ਪ੍ਰਗਟ ਸਿੰਘ ਵਾਸੀ ਪਿੰਡ ਕੋਟਭਾਰਾ ਜ਼ਿਲ੍ਹਾ ਬਠਿੰਡਾ ਨੂੰ 6.52 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਜਿਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਤੋਂ ਇਲਾਵਾ ਥਾਣਾ ਰਾਮਾਂ ਪੁਲਿਸ ਨੇ ਨੇੜੇ ਹੱਡਾ ਰੋੜੀ ਰਾਮਸਰਾ ਤੋਂ ਰਣਜੀਤ ਸਿੰਘ ਵਾਸੀ ਰਾਮਾਂ ਮੰਡੀ ਨੂੰ 2.50 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਦੇ ਹੋਏ ਉਸ ਦੇ ਖਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਬਾਅਦ 'ਚ ਬਰਜਮਾਨਤ ਰਿਹਾਅ ਕੀਤਾ ਗਿਆ ਹੈ |