20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਿਛਲੇ 7 ਵਰਿ੍ਹਆਂ ਤੋਂ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੇ ਅਰਬਨ ਅਸਟੇਟ ਵਾਸੀ ਬੰਦ ਪਈਆਂ ਸਟਰੀਟ ਲਾਈਟਾਂ, ਕੂੜੇ ਦੇ ਢੇਰਾਂ, ਟੁੱਟੀਆਂ ਸੜਕਾਂ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 31-08-2025
ਕਪੂਰਥਲਾ, 30 ਅਗਸਤ (ਅਮਰਜੀਤ ਕੋਮਲ)- ਸਰਦਾਰ ਆਤਮਾ ਸਿੰਘ ਅਰਬਨ ਅਸਟੇਟ ਕਪੂਰਥਲਾ ਦੇ ਵਾਸੀ ਪਿਛਲੇ 7 ਵਰਿ੍ਹਆਂ ਤੋਂ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ | ਇਸ ਸੰਬੰਧੀ ਮੁੱਖ ਮੰਤਰੀ ਤੇ ਹੋਰ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਕੀਤੇ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ | ਅਰਬਨ ਅਸਟੇਟ ਦੀਆਂ ਸੜਕਾਂ ਵਿਚ ਵੱਡੇ-ਵੱਡੇ ਪਏ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਅਧੂਰੀ ਚਾਰਦੀਵਾਰੀ, ਖਾਲੀ ਪਏ ਪਲਾਟ ਕੂੜੇ ਢੇਰਾਂ ਤੇ ਜੰਗਲੀ ਘਾਹ ਨਾਲ ਭਰੇ ਹੋਏ ਹਨ | ਸਟਰੀਟ ਲਾਈਟਾਂ ਖ਼ਰਾਬ ਹੋਣ ਕਾਰਨ ਅਰਬਨ ਅਸਟੇਟ ਦਾ ਬਹੁਤ ਸਾਰਾ ਖੇਤਰ ਹਨੇਰੇ ਵਿਚ ਡੁੱਬ ਜਾਂਦਾ ਹੈ ਤੇ ਕਈ ਸਟਰੀਟ ਲਾਈਟਾਂ ਦੇ ਪੋਲ ਖ਼ਰਾਬ ਹੋਣ ਕਾਰਨ ਇਹ ਕਦੇ ਵੀ ਡਿੱਗ ਕੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ | ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਅਨੁਜ ਆਨੰਦ, ਅਸ਼ਵਨੀ ਸੂਦ, ਐਚ.ਐਸ. ਕਾਂਗ ਤੇ ਕਲੋਨੀ ਦੇ ਹੋਰ ਲੋਕਾਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿਚ ਸੜਕਾਂ 'ਤੇ ਪਿਆ ਕੂੜਾ ਬਦਬੂ ਮਾਰਦਾ ਹੈ | ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਸੜਕਾਂ ਦੀ ਗੱਲ ਹੈ ਇਹ ਮਾਮਲਾ ਉਹ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਦੇ ਧਿਆਨ ਵਿਚ ਲਿਆ ਚੁੱਕੇ ਹਨ ਜਿਸ 'ਤੇ ਪੁੱਡਾ ਦੇ ਅਧਿਕਾਰੀਆਂ ਨੇ ਸੁਸਾਇਟੀ ਦੇ ਮੈਂਬਰਾਂ ਨੂੰ ਅਗਸਤ ਮਹੀਨੇ ਦੀ ਸ਼ੁਰੂਆਤ 'ਤੇ ਭਰੋਸਾ ਦਿਵਾਇਆ ਸੀ ਕਿ ਅਰਬਨ ਅਸਟੇਟ ਦੀਆਂ ਟੁੱਟੀਆਂ ਸੜਕਾਂ ਬਣਾਉਣ ਲਈ ਟੈਂਡਰ ਜਲਦੀ ਲਗਾਏ ਜਾ ਰਹੇ ਹਨ ਪਰ ਇਹ ਮਹੀਨਾ ਖ਼ਤਮ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇ ਅਗਲੇ ਦਿਨਾਂ ਵਿਚ ਵੀ ਟੈਂਡਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇ ਤਾਂ ਸੜਕਾਂ ਬਣਾਉਣ ਦਾ ਕੰਮ ਨਵੰਬਰ ਮਹੀਨੇ ਤੋਂ ਪਹਿਲਾਂ ਸ਼ੁਰੂ ਨਹੀਂ ਹੋ ਸਕਦਾ ਤੇ ਅਧਿਕਾਰੀਆਂ ਵਲੋਂ ਇਹ ਵੀ ਬਹਾਨਾ ਬਣਾਇਆ ਜਾਵੇਗਾ ਕਿ ਹੁਣ ਸਰਦੀ ਦਾ ਮੌਸਮ ਹੈ ਸੜਕਾਂ ਬਣ ਨਹੀਂ ਸਕਦੀਆਂ | ਕਲੋਨੀ ਦੇ ਲੋਕਾਂ ਨੇ ਦੱਸਿਆ ਕਿ ਪੁੱਡਾ ਵਲੋਂ ਅਰਬਨ ਅਸਟੇਟ ਦੀ ਸਫ਼ਾਈ ਦਾ ਵੀ ਕੋਈ ਠੋਸ ਪ੍ਰਬੰਧ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਕਲੋਨੀ ਦੇ ਵਾਸੀ ਕਮਿਊਨਿਟੀ ਸੈਂਟਰ ਤੇ ਖੇਡ ਕੰਪਲੈਕਸ ਦੀ ਪਿਛਲੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ ਇਸ ਸਬੰਧੀ ਵੀ ਪੁੱਡਾ ਦੇ ਅਧਿਕਾਰੀਆਂ ਵਲੋਂ ਭਰੋਸਾ ਦੇਣ ਦੇ ਬਾਵਜੂਦ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ | ਐਡਵੋਕੇਟ ਅਨੁਜ ਆਨੰਦ ਨੇ ਦੱਸਿਆ ਕਿ ਅਰਬਨ ਅਸਟੇਟ ਦੇ ਲੋਕਾਂ ਵਲੋਂ ਪੰਜਾਬ ਸਰਕਾਰ ਦੇ ਪੀ.ਜੀ.ਆਰ. ਐਸ. ਪੋਰਟਲ 'ਤੇ ਦਰਜਨਾ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ ਪਰ ਇਨ੍ਹਾਂ ਸ਼ਿਕਾਇਤਾਂ ਦਾ ਕੋਈ ਨਿਪਟਾਰਾ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਕਲੋਨੀ ਵਾਸੀਆਂ ਨੇ ਇਸ ਮੁੱਦੇ 'ਤੇ ਆਰ.ਟੀ.ਆਈ. ਵੀ ਪਾਈ ਤੇ ਇਸਦਾ ਵੀ ਕੋਈ ਜਵਾਬ ਨਹੀਂ ਆਇਆ | ਇਹ ਸਮੱਸਿਆਵਾਂ ਮੁੱਖ ਮੰਤਰੀ ਤੇ ਸਬੰਧਿਤ ਮੰਤਰੀ ਦੇ ਧਿਆਨ ਵਿਚ ਲਿਆਉਣ 'ਤੇ ਵੀ ਕੋਈ ਸਾਰਥਿਕ ਨਤੀਜਾ ਸਾਹਮਣੇ ਨਹੀਂ ਆਇਆ | ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਪੁੱਡਾ ਦੇ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ ਤੇ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਦਰ ਕਿਨਾਰ ਕਰ ਰਹੇ ਹਨ ਜਿਸ ਤੋਂ ਖ਼ਫਾ ਹੋਏ ਅਰਬਨ ਅਸਟੇਟ ਵਾਸੀਆਂ 'ਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਨਾ ਹੋਇਆ ਤਾਂ ਉਹ ਕਾਨੂੰਨੀ ਚਾਰਾਜੋਈ ਦੇ ਨਾਲ-ਨਾਲ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ ਜਿਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਦੇ ਪੁੱਡਾ ਦੀ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਬਦਲਦੇ ਮੌਸਮ ਦੇ ਮੱਦੇਨਜ਼ਰ ਹੋਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ 'ਚ ਮੇਜਰ ਧਿਆਨ ਚੰਦ ਦੇ ਜਨਮ ਦਿਨ 'ਤੇ ਕਰਵਾਈ ਗਈ ਕਰਾਸ ਕੰਟਰੀ ਦੌੜ ਦੌੜ 'ਚ ਜੇਤੂ ਲੜਕੇ ਤੇ ਲ...
Ad Position 24