ਸ਼ਿਵ ਮੰਦਿਰ ਸੁਭਾਸ਼ ਚੌਂਕ ਦੇ ਪ੍ਰਬੰਧਕਾਂ ਨੇ ਹਾਈ ਸਕੂਲ
ਅਹਿਮਦਪੁਰ ’ਚ ਲੋਡ਼ਵੰਦ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ
ਕਪੂਰਥਲਾ, 19 ਨਵੰਬਰ (ਵਿ. ਪ੍ਰ.)
ਕਪੂਰਥਲਾ, 19 ਨਵੰਬਰ (ਵਿ.ਪ੍ਰ.)-ਸ਼ਿਵ ਮੰਦਿਰ ਸੁਭਾਸ਼ ਚੌਂਕ ਦੇ ਪ੍ਰਬੰਧਕਾਂ ਵਲੋਂ ਸਰਕਾਰੀ ਹਾਈ ਸਕੂਲ ਅਹਿਮਦਪੁਰ ’ਚ ਲੋਡ਼ਵੰਦ ਵਿਦਿਆਰਥੀਆਂ ਨੂੰ ਸਕੂਲ ਬੈਗ ਤਕਸੀਮ ਕੀਤੇ ਗਏ। ਇਸ ਮੌਕੇ ਪਿੰਡ ਦੀ ਸਰਪੰਚ ਹਰਪ੍ਰੀਤ ਕੌਰ ਨੇ ਸ਼ਿਵ ਮੰਦਿਰ ਸੁਭਾਸ਼ ਚੌਕ ਦੇ ਸਮੂਹ ਮੈਂਬਰਾਂ ਦਾ ਲੋਡ਼ਵੰਦ ਬੱਚਿਆਂ ਨੂੰ ਬੈਗ ਤਕਸੀਮ ਕਰਨ ਲਈ ਧੰਨਵਾਦ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੀਵਨ ਵਿਚ ਸਫ਼ਲਤਾ ਹਾਸਲ ਕਰਨ ਲਈ ਪਡ਼੍ਹਾਈ ਦੇ ਨਾਲ ਨਾਲ ਖੇਡਾਂ ’ਚ ਵੀ ਭਾਗ ਲੈਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਖੇਡਾਂ ਨਾਲ ਜਿੱਥੇ ਸਰੀਰਕ ਦਾ ਮਾਨਸਿਕ ਵਿਕਾਸ ਹੁੰਦਾ ਹੈ, ਉੱਥੇ ਬੱਚਿਆਂ ਵਿਚ ਅਨੁਸ਼ਾਸਨ, ਆਤਮ ਵਿਸ਼ਵਾਸ ਤੇ ਮਿਲ ਜੁਲ ਕੇ ਕੰਮ ਕਰਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਸਕੂਲ ਦੀ ਮੁੱਖ ਅਧਿਆਪਕਾ ਅਨੂੰ ਗੁਜਰਾਲ ਨੇ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਮੰਨ ਲਗਾ ਕੇ ਪਡ਼੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਾਸਟਰ ਰਾਜ ਕੁਮਾਰ ਮਹਿਰਾ ਨੇ ਕਿਹਾ ਕਿ ਸ਼ਿਵ ਮੰਦਿਰ ਸੁਭਾਸ਼ ਚੌਂਕ ਦੀ ਪ੍ਰਬੰਧਕ ਕਮੇਟੀ ਵਲੋਂ ਸਮੇਂ ਸਮੇਂ ਸਰਕਾਰੀ ਸਕੂਲਾਂ ’ਚ ਜਾ ਕੇ ਲੋਡ਼ਵੰਦ ਵਿਦਿਆਰਥੀਆਂ ਨੂੰ ਸਕੂਲ ਬੈਗ ਤੇ ਸਟੇਸ਼ਨਰੀ ਤਕਸੀਮ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਹੋਰ ਲੋਡ਼ਾਂ ਪੂਰੀਆਂ ਕਰਨ ਲਈ ਵੀ ਪ੍ਰਬੰਧਕ ਕਮੇਟੀ ਨਿਰੰਤਰ ਯਤਨਸ਼ੀਲ ਹੈ ਤਾਂ ਜੋ ਆਰਥਿਕ ਮਜਬੂਰੀਆਂ ਕਾਰਨ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਤੋਂ ਵਿਰਵੇ ਨਾ ਰਹਿ ਜਾਣ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ, ਸਿਮਰਤਾ ਵਾਲੀਆ, ਬਲਵਿੰਦਰ ਕੌਰ, ਰੁਚੀ, ਰਾਜੀਵ ਅਗਰਵਾਲ, ਰਾਜੇਸ਼ ਪ੍ਰਾਸ਼ਰ, ਪਰਮਜੀਤ, ਅਵਤਾਰ ਸਿੰਘ ਆਲ ਇੰਡੀਆ ਸਮਾਜ ਸੇਵਾ ਸੁਸਾਇਟੀ ਦੇ ਸਕੱਤਰ ਨਰੇਸ਼ ਕਪੂਰ, ਸੀਨੀਅਰ ਸਿਟੀਜ਼ਨ ਕਲੱਬ ਦੇ ਪ੍ਰਧਾਨ ਜਗਦੀਸ਼ ਸਹਿਗਲ, ਜਤਿੰਦਰ ਬੇਦੀ, ਸੇਵਾ ਮੁਕਤ ਪ੍ਰਿੰਸੀਪਲ ਵਿਜੇ ਸੂਦ ਆਦਿ ਹਾਜ਼ਰ ਸਨ। ਸਕੂਲ ਦੇ ਸਟਾਫ਼ ਤੇ ਪਿੰਡ ਦੀ ਪੰਚਾਇਤ ਵਲੋਂ ਸ਼ਿਵ ਮੰਦਿਰ ਸੁਭਾਸ਼ ਚੌਂਕ ਦੇ ਪ੍ਰਬੰਧਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ।