28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਕਾਰਨ ਜਨਜੀਵਨ ਪ੍ਰਭਾਵਿਤ, ਰਾਹਤ ਕਾਰਜ ਜਾਰੀ <br/>

Ad Position 21
No active advertisement
ਅਜੀਤ ਡੈਸਕ 03-09-2025

ਆਮ ਆਦਮੀ ਪਾਰਟੀ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ-ਮੁਨੀਸ਼ ਸਿਸੋਦੀਆ
ਸੁਲਤਾਨਪੁਰ ਲੋਧੀ, 2 ਸਤੰਬਰ (ਨਰੇਸ਼ ਹੈਪੀ)-ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਵਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਦੇ ਨਾਲ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਪੰਜਾਬ ਹੈਰੀਟੇਜ ਤੇ ਟੂਰਿਜ਼ਮ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਵੀ ਹਾਜ਼ਰ ਸਨ | ਉਨ੍ਹਾਂ ਇਸ ਮੌਕੇ ਕਿਸ਼ਤੀ ਰਾਹੀਂ ਜਾ ਕੇ ਬਾਊਪੁਰ ਤੇ ਸਾਂਗਰਾ ਵਿਖੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਰ ਲੀਡਰ ਤੇ ਵਲੰਟੀਅਰ ਵੱਲੋਂ ਰਾਹਤ ਕਾਰਜਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਤਾਂ ਜੋ ਇਸ ਬਿਪਤਾ ਦੀ ਘੜੀ ਵਿਚ ਲੋਕਾਂ ਦੀ ਮਦਦ ਕੀਤੀ ਜਾ ਸਕੇ | ਉਨ੍ਹਾਂ ਇਸ ਮੌਕੇ ਲੋੜਵੰਦ ਨੂੰ ਰਾਸ਼ਨ ਵੀ ਵੰਡਿਆ | 'ਆਪ' ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਸੱਜਣ ਸਿੰਘ ਚੀਮਾ ਨੇ ਮਨੀਸ਼ ਸਿਸੋਦੀਆ ਨੂੰ ਹੜ੍ਹ ਖੇਤਰਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਇਹ ਵੀ ਕਿਹਾ ਕਿ ਮੰਡ ਖੇਤਰ ਦੇ ਲੋਕ ਬੜੇ ਜੁਝਾਰੂ ਹਨ ਜੋ ਪਿਛਲੇ 22 ਦਿਨ ਤੋਂ ਹੜ੍ਹਾਂ ਨਾਲ ਜੂਝ ਰਹੇ ਹਨ | ਮਲਾਹ ਜਰਨੈਲ ਸਿੰਘ ਤੇ ਪ੍ਰਧਾਨ ਸਿੰਘ ਸੇਵਾਦਾਰ ਨੇ ਵੀ ਉਨ੍ਹਾਂ ਨੂੰ ਪਾਣੀ ਦੀ ਸਥਿਤੀ ਬਾਰੇ ਵਿਸਤਾਰ ਜਾਣਕਾਰੀ ਮੁਹੱਈਆ ਕਰਵਾਈ | ਇਸ ਮੌਕੇ ਉਨ੍ਹਾਂ ਪਾਰਟੀ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਨੂੰ ਕਿਹਾ ਕਿ ਉਹ ਹੜ੍ਹ ਮਾਰੇ ਲੋਕਾਂ ਦੀ ਮਦਦ ਲਈ ਪੂਰੀ ਜੀਅ ਜਾਨ ਨਾਲ ਕੰਮ ਕਰਨ | ਉਨ੍ਹਾਂ ਇਹ ਵੀ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ | ਇਸ ਮੌਕੇ ਸੁਲਤਾਨਪੁਰ ਲੋਧੀ ਤੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੀ ਹਾਜ਼ਰ ਸਨ |
ਡੇਰਾ ਪੰਡਵਾ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੁੱਖ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਦੀ ਲੜੀ ਆਰੰਭ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਧੰਨ ਧੰਨ ਡੇਰਾ 108 ਸੰਤ ਬਾਬਾ ਹੰਸ ਰਾਜ ਇਤਿਹਾਸਕ ਤੀਰਥ ਅਸਥਾਨ ਸੱਚਖੰਡ ਪੰਡਵਾ ਵਿਖੇ ਭਿਆਨਕ ਹੜ੍ਹਾਂ ਦੀ ਮਾਰ ਵਿਚ ਆਏ ਪਿੰਡ, ਸ਼ਹਿਰ ਆਦਿ ਲੋਕਾਂ ਦੇ ਭਲੇ ਵਾਸਤੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਸ੍ਰੀ ਆਖੰਡ ਜਾਪਾ ਦੀ ਲੜੀ ਆਰੰਭ ਕੀਤੀ ਗਈ | ਇਸ ਮੌਕੇ ਡੇਰੇ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਸਹਿਰਾ ਦੇ ਲੋਕਾਂ ਵਾਸਤੇ ਸੰਗਤਾਂ ਲਈ ਲੰਗਰ ਬਣਾ ਕੇ ਲਿਜਾਣ ਦਾ ਪ੍ਰਬੰਧ ਹਰ ਰੋਜ਼ ਕੀਤਾ ਗਿਆ ਤਾਂ ਜੋ ਸਾਰੇ ਲੋਕ ਲੰਗਰ ਛੱਕ ਸਕਣ | ਡੇਰੇ ਵਲੋਂ ਪਾਣੀ ਵਿਚ ਘਿਰੇ ਲੋਕਾਂ ਨੂੰ ਅਪੀਲ ਕੀਤੀ ਉਹ ਸਾਰੇ ਡੇਰਾ 108 ਸੰਤ ਬਾਬਾ ਹੰਸ ਰਾਜ ਸ੍ਰੀ ਗੁਰੂ ਰਵਿਦਾਸ ਤੀਰਥ ਅਸਥਾਨ ਸੱਚਖੰਡ ਪੰਡਵਾ ਵਿਖੇ ਆ ਕੇ ਰਹਿ ਸਕਦੇ ਹਨ | ਡੇਰੇ ਵਿਖੇ ਵੱਡੇ-ਵੱਡੇ ਹਾਲ ਬਣੇ ਹਨ ਜਿੱਥੇ ਸੰਗਤਾਂ ਦੇ ਰਹਿਣ ਲਈ ਸਾਰੇ ਪ੍ਰਬੰਧ, ਇਸ਼ਨਾਨ ਘਰ, ਟਾਇਲਟ ਆਦਿ ਸਾਰੀ ਸੁਵਿਧਾ ਮਿਲੇਗੀ ਤੇ 24 ਘੰਟੇ ਲੰਗਰ ਪਾਣੀ ਦੇ ਪ੍ਰਬੰਧ ਵੀ ਹਨ | ਡੇਰਾ ਪੰਡਵਾ ਦੇ ਮੁੱਖ ਸੰਚਾਲਕ ਸੰਤ ਮਹਿੰਦਰਪਾਲ ਪੰਡਵਾ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਹਮੇਸ਼ਾ ਤਤਪਰ ਰਹਿੰਦੇ ਹਨ ਇਹੋ ਜਿਹੀ ਸਮਾਜ ਅਤੇ ਦੁਨੀਆ ਤੇ ਭਾਰੀ ਆਫ਼ਤਾਂ ਨੂੰ ਨਜਿੱਠਣ ਲਈ ਉਨ੍ਹਾਂ ਵਲੋਂ ਡੇਰੇ ਦੇ ਦਰਵਾਜੇ ਸੰਗਤਾਂ ਲਈ 24 ਘੰਟੇ ਖੁੱਲੇ੍ਹ ਹਨ | ਸੰਤ ਮਹਿੰਦਰਪਾਲ ਪੰਡਵਾ ਵਾਲਿਆਂ ਵਲੋਂ ਪਿੱਛੇ ਵੀ ਹੜ੍ਹਾਂ ਵਾਲੇ ਪ੍ਰਭਾਵਿਤ ਇਲਾਕਿਆਂ ਵਿਚ ਡੇਰੇ ਵਲੋਂ ਲੰਗਰ, ਕੱਪੜਾ, ਦਵਾਈਆਂ, ਪਾਣੀ ਹਰ ਸੁਵਿਧਾ ਦਿੱਤੀ ਗਈ | ਕੋਵਿਡ ਦੌਰਾਨ ਵੀ ਡੇਰੇ ਵਲੋਂ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਗਈ | ਇਸ ਮੌਕੇ ਸੰਤ ਮਹਿੰਦਰਪਾਲ ਪੰਡਵਾ, ਸੰਤ ਬੀਬੀ ਬਿਮਲਾ ਰਾਣੀ, ਸੰਤ ਜਸਵਿੰਦਰਪਾਲ ਪੰਡਵਾ, ਸੰਤ ਮੋਹਨਪਾਲ ਪੰਡਵਾ, ਸੈਕਟਰੀ ਬਾਲ ਕ੍ਰਿਸ਼ਨ ਤਾੋ ਇਲਾਵਾ ਡੇਰੇ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਹਾਜ਼ਰ ਸਨ |
ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਇਲਾਕੇ ਦੇ ਪਿੰਡਾਂ ਦਾ ਦੌਰਾ ਤੇ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ
ਪਾਂਸ਼ਟਾ, (ਸਤਵੰਤ ਸਿੰਘ)-ਬੀਤੇ ਕੁੱਝ ਦਿਨਾਂ ਤੋਂ ਕਾਲ ਬਣ ਕੇ ਪੰਜਾਬ ਦੇ ਸਿਰ 'ਤੇ ਮੰਡਰਾ ਰਹੇ ਬੱਦਲਾਂ ਦੀ ਗਰਜ ਤੇ ਮੀਂਹ ਨਿਰੰਤਰ ਜਾਰੀ ਹੈ, ਜਿਸ ਨੇ ਆਮ ਲੋਕਾਂ ਦੇ ਜੀਵਨ ਨੂੰ ਉਥਲ-ਪੁਥਲ ਕਰਕੇ ਰੱਖ ਦਿੱਤਾ ਹੈ | ਕਾਰੋਬਾਰ ਠੱਪ ਹਨ, ਦਿਹਾੜੀ ਲਈ ਤਰਸਦੇ ਮਜ਼ਦੂਰਾਂ ਦੇ ਘਰਾਂ ਵਿਚ ਚੁੱਲ੍ਹੇ ਠੰਢੇ ਹਨ ਅਤੇ ਪਸ਼ੂਆਂ ਲਈ ਚਾਰਾ ਨਹੀਂ ਹੈ | ਪਾਂਸ਼ਟਾ ਅਤੇ ਨਸੀਰਾਬਾਦ ਲਈ ਖ਼ਤਰਾ ਬਣੇ ਮਹਿਲਾਂਵਾਲੀ ਚੋਅ ਵਿਚ ਪਹਾੜਾਂ ਤੋਂ ਆ ਰਹੇ ਪਾਣੀ ਵਿਚ ਕੁੱਝ ਕਮੀ ਆਈ ਹੈ, ਪਰ ਇਸ ਵਿਚ ਪੈ ਰਹੇ ਖੇਤਾਂ ਦੇ ਪਾਣੀ ਕਾਰਨ ਵਹਾਅ ਪਹਿਲਾਂ ਵਾਂਗ ਹੀ ਜਾਰੀ ਹੈ | ਖੇਤਾਂ ਵਿਚ ਪਾਣੀ ਦਾ ਪੱਧਰ ਘੱਟ ਹੋਣ 'ਤੇ ਹੀ ਫ਼ਸਲਾਂ ਦੇ ਅਸਲ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇਗਾ, ਪਰ ਖੇਤਾਂ ਵਿਚ ਵਿਛੀਆਂ, ਗਲ-ਸੜ ਰਹੀਆਂ ਮੱਕੀ ਦੀਆਂ ਫ਼ਸਲਾਂ ਦੇਖ ਕੇ ਹਰ ਦਿਲ ਵਿਚੋਂ ਹੂਕ ਉੱਠਦੀ ਹੈ | ਕੁੱਝ ਸਿਆਸੀ ਰਸੂਖ਼ ਤੇ ਕੁੱਝ ਵਿਭਾਗੀ ਅਤੇ ਠੇਕੇਦਾਰਾਂ ਦੇ ਲਾਲਚ ਕਾਰਨ ਇਲਾਕੇ ਦੀਆਂ ਬਹੁਤੀਆਂ ਸੰਪਰਕ ਸੜਕਾਂ ਹੇਠੋਂ ਖੇਤਾਂ ਦੇ ਪਾਣੀ ਦੇ ਨਿਕਾਸ ਲਈ ਪੁਲੀਆਂ ਗ਼ਾਇਬ ਹਨ, ਜਿਸ ਕਾਰਨ ਇਹ ਨੁਕਸਾਨ ਹੋਰ ਵਧਿਆ ਹੈ | ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਅਵਤਾਰ ਮੰਡ ਕੌਮੀ ਸਕੱਤਰ ਕਿਸਾਨ ਮੋਰਚਾ ਭਾਜਪਾ, ਅਕਾਲੀ ਆਗੂ ਤਜਿੰਦਰਪਾਲ ਸਿੰਘ ਪਾਂਸ਼ਟਾ, ਰਾਜੀਵ ਪਾਹਵਾ ਜਨਰਲ ਸਕੱਤਰ ਭਾਜਪਾ ਜ਼ਿਲ੍ਹਾ ਕਪੂਰਥਲਾ, ਗਗਨ ਸੋਨੀ ਪ੍ਰਧਾਨ ਭਾਜਪਾ ਪਾਂਸ਼ਟਾ ਮੰਡਲ, ਪਰਮਜੀਤ ਸਿੰਘ ਚਾਚੋਕੀ ਮੀਤ ਪ੍ਰਧਾਨ ਭਾਜਪਾ ਜ਼ਿਲ੍ਹਾ ਕਪੂਰਥਲਾ, ਸੰਜੇ ਚਹਿਲ ਜਨਰਲ ਸਕੱਤਰ ਭਾਜਪਾ ਫਗਵਾੜਾ ਮੰਡਲ, ਯੂਥ ਆਗੂ ਸੋਨੂੰ ਰਾਵਲਪਿੰਡੀ ਅਤੇ ਨਿਤਿਨ ਚੱਢਾ ਇੰਚਾਰਜ ਆਈ.ਟੀ. ਸੈੱਲ ਭਾਜਪਾ ਜ਼ਿਲ੍ਹਾ ਕਪੂਰਥਲਾ ਸਮੇਤ ਵੱਖ-ਵੱਖ ਆਗੂਆਂ ਨਾਲ਼ ਅੱਜ ਪਾਂਸ਼ਟਾ, ਨਸੀਰਾਬਾਦ, ਨਰੂੜ, ਮਾਈਓਪੱਟੀ, ਬਘਾਣਾ, ਮੀਰਾਪੁਰ-ਗੁਜਰਾਤਾਂ ਅਤੇ ਰਾਵਲਪਿੰਡੀ ਆਦਿ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਹਰ ਸੰਭਵ ਸਹਾਇਤਾ ਦਾ ਵਚਨ ਦਿੱਤਾ | ਬੀਤੇ ਕਈ ਦਿਨ ਤੋਂ ਮੀਂਹ ਦੇ ਪਾਣੀ ਦਾ ਸੰਤਾਪ ਭੋਗ ਰਹੇ ਪਿੰਡ ਨਰੂੜ ਦੇ ਬਘਾਣਾ ਰੋਡ ਮੁਹੱਲਾ ਵਾਸੀਆਂ ਦਾ ਦਰਦ ਉਸ ਵੇਲੇ ਛਲਕ ਪਿਆ, ਜਦੋਂ ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਚੋਅ ਰਹੀਆਂ, ਘਰ ਵਿਚ ਖਾਣ ਲਈ ਕੁੱਝ ਨਹੀਂ ਹੈ, ਪਸ਼ੂ ਭੁੱਖੇ ਖੜ੍ਹੇ ਹਨ ਅਤੇ ਸਿਆਸੀ ਅਤੇ ਪ੍ਰਸ਼ਾਸਨਿਕ ਵਾਅਦਿਆਂ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਮਦਦ ਨਹੀਂ ਪਹੁੰਚ ਰਹੀ | ਇਸ ਮੌਕੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਵਲੋਂ ਇਨ੍ਹਾਂ ਲੋਕਾਂ ਨੂੰ ਆਪਣੇ ਵਲੋਂ 25 ਭੋਜਨ ਕਿੱਟਾਂ ਅਤੇ 25 ਤਰਪਾਲਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਜਲਦੀ ਹੀ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਨ ਦਾ ਵੀ ਭਰੋਸਾ ਦਿੱਤਾ ਗਿਆ | ਇਸ ਮੌਕੇ ਕੁੱਝ ਮੁਹੱਲਾ ਵਾਸੀਆਂ ਨੇ ਇਲਜ਼ਾਮ ਲਗਾਇਆ ਕਿ ਬੀਤੇ ਸੋਮਵਾਰ ਦਵਾਈਆਂ ਵੰਡਣ ਲਈ ਆਈ ਸਿਹਤ ਵਿਭਾਗ ਪਾਂਸ਼ਟਾ ਦੀ ਰੈਪਿਡ ਰਿਸਪਾਂਸ ਟੀਮ ਵਲੋਂ ਉਨ੍ਹਾਂ ਨੂੰ ਦਵਾਈਆਂ ਦੇ ਕੇ ਫ਼ੋਟੋ ਖਿਚਵਾਉਣ ਉਪਰੰਤ ਕੁੱਝ ਲੋਕਾਂ ਤੋਂ ਇਹ ਕਹਿ ਕੇ ਦਵਾਈਆਂ ਵਾਪਸ ਲੈ ਲਈਆਂ ਕਿ ਉਨ੍ਹਾਂ ਨੂੰ ਇਨ੍ਹਾਂ ਦਵਾਈਆਂ ਦੀ ਅੱਗੇ ਲੋੜ ਹੈ | ਬੇਸ਼ੱਕ ਟੀਮ ਦੇ ਇੰਚਾਰਜ ਵਲੋਂ ਇਨ੍ਹਾਂ ਇਲਜ਼ਾਮਾਂ ਤੋਂ ਸਪਸ਼ਟ ਇਨਕਾਰ ਕੀਤਾ ਗਿਆ, ਪਰ ਬਹੁਤ ਸਾਰੇ ਮੁਹੱਲਾ ਵਾਸੀ ਇਹ ਇਲਜ਼ਾਮ ਦੁਹਰਾਉਂਦੇ ਨਜ਼ਰ ਆਏ | ਇਸ ਮੌਕੇ ਸ਼੍ਰੀਮਤੀ ਰਾਜਕਮਲ ਸਰਪੰਚ ਨਰੂੜ, ਵਰਿੰਦਰ ਸਿੰਘ ਅਤੇ ਦਲਜੀਤ ਕੌਰ ਮੈਂਬਰ ਪੰਚਾਇਤ, ਸਿਮਰਜੀਤ ਸਿੰਘ, ਬਿਕਰਮਜੀਤ ਸਿੰਘ ਆਸਟ੍ਰੇਲੀਆ, ਗੁਰਦੀਪ ਸਿੰਘ ਪਾਂਸ਼ਟਾ, ਕੁਲਦੀਪ ਸਿੰਘ ਟੂਰਾ, ਮਨਜੀਤ ਸਿੰਘ ਕਾਲ਼ਾ, ਹਰਜਾਪ ਸਿੰਘ ਮਾਈਓਪੱਟੀ, ਜੋਗਾ ਸਿੰਘ, ਇੰਦਰਵੀਰ ਸ਼ਰਮਾ, ਹੰਸ ਰਾਜ ਸਾਬਕਾ ਸਰਪੰਚ ਅਤੇ ਪਿੰਡ ਪਾਂਸ਼ਟਾ, ਨਰੂੜ, ਮਾਈਓਪੱਟੀ, ਬਘਾਣਾ, ਮੀਰਾਪੁਰ-ਗੁਜਰਾਤਾਂ ਅਤੇ ਰਾਵਲਪਿੰਡੀ ਵਾਸੀ ਹਾਜ਼ਰ ਸਨ |
ਹੜ੍ਹਾਂ, ਬਾਰਿਸ਼ਾਂ ਕਾਰਨ ਲੋਕਾਂ ਦੇ ਹੋ ਰਹੇ ਜਾਨੀ ਮਾਲੀ ਨੁਕਸਾਨ ਦੀ ਸਰਕਾਰ ਫ਼ੌਰੀ ਭਰਪਾਈ ਕਰੇ-ਪੇਂਡੂ ਮਜ਼ਦੂਰ ਯੂਨੀਅਨ
ਭੁਲੱਥ, (ਮੇਹਰ ਚੰਦ ਸਿੱਧੂ)-ਪੰਜਾਬ ਵਿਚ ਹੋ ਰਹੀ ਲਗਾਤਾਰ ਭਰਵੀਂ ਬਾਰਿਸ਼ ਕਾਰਨ ਜਿੱਥੇ ਦਰਿਆਵਾਂ, ਵੇਈਆਂ ਲਾਗਲੇ ਇਲਾਕੇ ਬੁਰੀ ਤਰਾਂ ਹੜ੍ਹਾਂ ਤੋਂ ਪ੍ਰਭਾਵਿਤ ਹੋ ਰਹੇ ਹਨ, ਉੱਥੇ ਲਗਾਤਾਰ ਬਾਰਿਸ਼ਾਂ ਕਾਰਨ ਗ਼ਰੀਬ ਮਜ਼ਦੂਰਾਂ ਦੇ ਘਰਾਂ, ਮਕਾਨਾਂ ਦਾ ਬੁਰਾ ਹਾਲ ਹੈ, ਪਰ ਇਨ੍ਹਾਂ ਪੀੜਤਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੁਲਵੰਤ ਸਿੰਘ ਤੇ ਗੁਰਮੀਤ ਸਿੰਘ ਦੇ ਢਹਿ ਢੇਰੀ ਹੋਏ ਘਰ ਦੇ ਦੌਰੇ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਪੰਜਾਬ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ ਤੇ ਯੂਨੀਅਨ ਦੇ ਤਹਿਸੀਲ ਪ੍ਰਧਾਨ ਅਮਰੀਕ ਸਿੰਘ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਾਸੋਂ ਪ੍ਰਭਾਵਿਤ ਲੋਕਾਂ ਨੂੰ 100 ਫੀਸਦੀ ਮੁਆਵਜ਼ਾ ਦੇਣ ਦੀ ਮੰਗ ਕੀਤੀ | ਆਗੂਆਂ ਨੇ ਕਿਹਾ ਕਿ ਉਕਤ ਸਥਿਤੀ ਬਣਨ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਡੀਂਗਾਂ ਮਾਰਦੇ ਸਨ ਕਿ ਅਸੀਂ ਹੜ੍ਹਾਂ ਦੀ ਮਾਰ ਤੋਂ ਬਚਣ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ, ਪਰ ਹੜ੍ਹਾਂ, ਬਾਰਸ਼ਾਂ ਨੇ ਜਿੱਥੇ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ, ਉੱਥੇ ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਕੀਤਾ ਹੈ, ਜੋ ਅਜੇ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਬਿਨਾਂ ਵੀ ਗ਼ਰੀਬ ਮਜ਼ਦੂਰਾਂ ਨੂੰ ਦੂਹਰੀ ਤੀਹਰੀ ਮਾਰ ਪੈ ਰਹੀ ਹੈ, ਬਾਰਸ਼ਾਂ ਕਾਰਨ ਕੰਮ ਬੰਦ ਤੇ ਅੱਧ ਕੱਚੇ ਪੱਕੇ ਮਕਾਨ ਚੋਅ ਚੋਅ ਢਹਿ ਰਹੇ ਹਨ ਤੇ ਗ਼ਰੀਬ ਮਜ਼ਦੂਰਾਂ ਦੀ ਵਰਤੋਂ ਦਾ ਜ਼ਰੂਰੀ ਸਮਾਨ ਬੁਰੀ ਤਰਾਂ ਨੁਕਸਾਨਿਆ ਗਿਆ ਹੈ |
ਹੜ੍ਹ ਪੀੜਤਾਂ ਦੀ ਮਦਦ ਲੰਮਾ ਸਮਾਂ ਚੱਲੇਗੀ-ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਪੰਜ ਟਰੱਕ ਸੁਲਤਾਨਪੁਰ ਲੋਧੀ ਪਹੁੰਚ ਗਏ ਹਨ | ਸੰਗਰੂਰ ਦੀ ਵਿਧਾਇਕਾ ਬੀਬੀ ਨਰਿੰਦਰ ਕੌਰ ਭਾਰਜ ਨੇ ਅੱਜ ਸ਼ਾਮ ਬਾਊਪੁਰ ਜਾ ਕੇ ਹੜ੍ਹ ਪੀੜਤ ਇਲਾਕੇ ਦਾ ਦੌਰਾ ਕੀਤਾ ਤੇ ਹੜ੍ਹ ਪੀੜਤਾਂ ਦੇ ਦਰਦ ਨੂੰ ਜਾਣਿਆ | ਪਿਛਲੇ 23 ਦਿਨਾਂ ਤੋਂ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਹਵਾਲੇ ਰਾਹਤ ਸਮੱਗਰੀ ਦੇ ਇਨ੍ਹਾਂ ਪੰਜ ਟਰੱਕਾਂ ਵਿਚ ਚਾਰ ਟਰੱਕ ਪਸ਼ੂਆਂ ਦਾ ਚਾਰਾ ਹੈ, ਜਦਕਿ ਇਕ ਟਰੱਕ ਵਿਚ ਰੋਜ਼ਾਨਾ ਦੀ ਵਰਤੋਂ ਵਾਲੀਆਂ ਵਸਤਾਂ ਹਨ | ਓਧਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਅਸਲ ਤਸਵੀਰ ਉਸ ਵੇਲੇ ਸਾਹਮਣੇ ਆਵੇਗੀ ਜਦੋਂ ਪਾਣੀ ਹੇਠਾਂ ਉਤਰ ਜਾਵੇਗਾ | ਉਨ੍ਹਾਂ ਕਿਹਾ ਕਿ ਇਸੇ ਲਈ ਹੜ੍ਹ ਪੀੜਤਾਂ ਦੀ ਮਦਦ ਲੰਮਾ ਸਮਾਂ ਚੱਲੇਗੀ | 'ਆਪ' ਦੀ ਵਿਧਾਇਕ ਨਰਿੰਦਰ ਕੌਰ ਭਾਰਜ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਰਾਹਤ ਸਮੱਗਰੀ ਸੰਤ ਸੀਚੇਵਾਲ ਜੀ ਦੇ ਸਪੁਰਦ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਵੱਡੀ ਕੁਦਰਤ ਦੀ ਕਰੋਪੀ ਵਿਚੋਂ ਲੰਘ ਰਿਹਾ ਹੈ | ਉਨ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਹੜ੍ਹ ਪੀੜਤਾਂ ਦੀ ਪਹਿਲੇ ਦਿਨ ਤੋਂ ਹੀ ਕੀਤੀ ਜਾ ਰਹੀ ਮਦਦ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਤ ਸੀਚੇਵਾਲ ਇਸ ਇਲਾਕੇ ਦੀਆਂ ਲੋੜਾਂ ਤੋਂ ਬਾਖ਼ੂਬੀ ਵਾਕਫ਼ ਹਨ | ਇਸ ਮੌਕੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਵਿਧਾਇਕ ਨਰਿੰਦਰ ਕੌਰ ਭਾਰਜ ਤੇ ਰਾਹਤ ਸਮੱਗਰੀ ਲੈ ਕੇ ਆਉਣ ਵਾਲੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ |
ਲਗਾਤਾਰ ਪੈ ਰਹੀ ਬਰਸਾਤ ਨੇ ਆਮ ਜਨਜੀਵਨ ਕੀਤਾ ਪ੍ਰਭਾਵਿਤ
ਢਿਲਵਾਂ, (ਪ੍ਰਵੀਨ ਕੁਮਾਰ)-ਇੱਕ ਪਾਸੇ ਜਿੱਥੇ ਲੋਕਾਂ ਨੂੰ ਹੜ੍ਹ ਦਾ ਡਰ ਪ੍ਰੇਸ਼ਾਨ ਕਰ ਰਿਹਾ ਹੈਠ, ਉੱਥੇ ਲਗਾਤਾਰ ਪੈ ਰਹੀ ਬਾਰਸ਼ ਨਾਲ ਆਮ ਜਨ ਜੀਵਨ ਬੁਰੀ ਤਰਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ | ਦੱਸਣਯੋਗ ਹੈ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਨੇ ਆਮ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ ਤੇ ਲੰਘੀ ਰਾਤ ਪਈ ਜ਼ੋਰਦਾਰ ਬਾਰਸ਼ ਨੇ ਹਰ ਇਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਰੁਕ ਰੁਕ ਕੇ ਪੈ ਰਹੀ ਬਾਰਸ਼ ਹੁਣ ਲੋਕਾਂ ਲਈ ਆਫ਼ਤ ਬਣ ਗਈ ਹੈ | ਲਗਾਤਾਰ ਪੈ ਰਹੀ ਬਾਰਸ਼ ਦੇ ਕਾਰਨ ਦੁਕਾਨਾਂ, ਮਕਾਨ ਆਦਿ ਚੋਣ ਲੱਗ ਪਏ ਹਨ ਤੇ ਅਜਿਹੇ ਵਿਚ ਲੋਕ ਆਪੋ ਆਪਣੀਆਂ ਛੱਤਾਂ ਤਰਪਾਲਾਂ ਨਾਲ ਢੱਕ ਕੇ ਛੱਤਾਂ ਨੂੰ ਚੋਣ ਤੋਂ ਬਚਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ | ਬਾਰਸ਼ ਦੇ ਕਾਰਨ ਬਾਜ਼ਾਰ ਵੀ ਗ੍ਰਾਹਕਾਂ ਤੋਂ ਬਿਨ੍ਹਾਂ ਸੱਖਣੇ ਨਜ਼ਰ ਆ ਰਹੇ ਹਨ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਹਰ ਕੋਈ ਕੁਦਰਤ ਦੀ ਇਸ ਮਾਰ ਤੋਂ ਪ੍ਰੇਸ਼ਾਨ ਚੱਲ ਰਿਹਾ ਹੈ | ਇਸੇ ਦੌਰਾਨ ਅੱਜ ਸਵੇਰੇ ਢਿਲਵਾਂ ਨਜ਼ਦੀਕ ਪੈਂਦੇ ਰੇਲਵੇ ਫਲਾਈ ਓਵਰ ਨਜ਼ਦੀਕ ਜੀ.ਟੀ ਰੋਡ ਦੇ ਨਾਲ ਲੱਗੀ ਮਿੱਟੀ ਪੈ ਰਹੀ ਬਾਰਸ਼ ਦੇ ਕਾਰਨ ਹੇਠਾਂ ਡਿਗ ਪਈ ਤੇ ਇਹਤਿਆਤ ਵਜੋਂ ਜੀ ਟੀ ਰੋਡ ਉੱਪਰ ਉਕਤ ਸਥਾਨ ਤੋਂ ਆਵਾਜਾਈ ਲੰਘਣ ਤੋਂ ਰੋਕਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਬੈਰੀਕੇਡ ਲਗਾਏ ਗਏ ਹਨ |
ਬਾਰਿਸ਼ ਕਾਰਨ ਕਾਲਾ ਸੰਘਿਆਂ ਲੋਹੀਆਂ ਰੋਡ ਸੰਧੂ ਚੱਠਾ ਨੇੜੀਓਾ ਪੂਰੀ ਤਰ੍ਹਾਂ ਟੁੱਟਿਆ, ਰਸਤਾ ਮੁਕੰਮਲ ਬੰਦ
ਕਾਲਾ ਸੰਘਿਆਂ, (ਬਲਜੀਤ ਸਿੰਘ ਸੰਘਾ)-ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨਾਲ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਹੈ | ਕਾਲਾ ਸੰਘਿਆਂ ਇਲਾਕੇ ਵਿਚ ਬਹੁਤ ਸਾਰੇ ਪਿੰਡਾਂ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟਣ ਕਾਰਨ ਲੋਕਾਂ ਨੂੰ ਆਉਣ ਜਾਣ ਵਿਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਾਲਾ ਸੰਘਿਆਂ ਤੋਂ ਸੁਲਤਾਨਪੁਰ ਲੋਧੀ ਜਾਂਦੀ ਮੁੱਖ ਸੜਕ ਸੰਧੂ ਚੱਠਾ ਪਿੰਡ ਦੇ ਨੇੜਿਉਂ ਲਗਭਗ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ, ਜਿਸ ਕਾਰਨ ਇਸ ਸੜਕ ਤੋਂ ਲੰਘਣ ਵਾਲੇ ਖੱਜਲ ਖ਼ੁਆਰ ਹੋ ਰਹੇ ਹਨ | ਇਸ ਸੜਕ ਤੋਂ ਰੁਖ਼ ਵੀ ਸੜਕ ਵਿਚ ਡਿੱਗੇ ਹੋਏ ਹਨ | ਸੰਧੂ ਚੱਠਾ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਨਾਲ਼ ਆ ਰਹੇ ਮੀਂਹ ਦੇ ਪਾਣੀ ਦੇ ਵਹਾਅ ਵਿਚ ਇਹ ਸੜਕ ਵਹਿ ਗਈ | ਪਿੰਡ ਸੰਧੂ ਚੱਠਾ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਮਿੱਟੀ ਦੇ ਬੋਰੇ ਆਦਿ ਲਗਾ ਕੇ ਇਸ ਸੜਕ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦੇ ਤੇਜ਼ ਵਹਾਅ ਕਰਕੇ ਇਸ ਸੜਕ ਨੂੰ ਨਹੀਂ ਬਚਾ ਸਕੇ | ਇਹ ਮੇਨ ਸੜਕ ਹੋਣ ਕਰਕੇ ਇਸ ਰੋਡ ਤੇ ਆਵਾਜਾਈ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਸ ਸੜਕ ਤੋਂ ਲੋਹੀਆਂ, ਸੁਲਤਾਨਪੁਰ ਲੋਧੀ, ਮੱਖੂ ਜ਼ੀਰਾ ਆਦਿ ਤੋਂ ਜਲੰਧਰ ਜਾਣ ਵਾਲੇ ਅਨੇਕਾਂ ਲੋਕ ਇੱਥੋਂ ਗੁਜ਼ਰਦੇ ਹਨ ਅਤੇ ਇਹ ਸੜਕ ਟੁੱਟਣ ਕਾਰਨ ਕੋਈ ਦੂਰੋਂ ਆਉਣ ਵਾਲਾ ਰਾਹਗੀਰ ਜਿਸ ਨੂੰ ਇਸ ਸੜਕ ਦੇ ਟੁੱਟਣ ਦਾ ਨਹੀਂ ਪਤਾ ਉਹ ਇੱਥੇ ਹਾਦਸੇ ਦਾ ਸ਼ਿਕਾਰ ਵੀ ਹੋ ਸਕਦਾ ਹੈ ਜਿਸ ਕਰਕੇ ਲੋਕਾਂ ਪ੍ਰਸ਼ਾਸਨ ਨੂੰ ਇਸ ਸੜਕ ਦਾ ਜਲਦ ਕੋਈ ਹੱਲ ਕਰਨ ਦੀ ਅਪੀਲ ਕੀਤੀ |
ਕਾਲੀ ਵੇਈਾ ਤੇ ਚਿੱਟੀ ਵੇਈਾ ਵਿਚ ਪਾਣੀ ਦਾ ਪੱਧਰ ਵਧਣ ਤੇ ਓਵਰਫ਼ਲੋ ਹੋ ਕੇ ਸੜਕਾਂ ਤੇ ਖੇਤਾਂ ਵੱਲ ਤੁਰਿਆ
ਸੁਲਤਾਨਪੁਰ ਲੋਧੀ, 2 ਸਤੰਬਰ (ਨਰੇਸ਼ ਹੈਪੀ)-ਦਰਿਆ ਬਿਆਸ ਵਿਚ ਡੈਮਾਂ ਤੋਂ ਛੱਡੇ ਪਾਣੀ ਕਾਰਨ ਪੈਦਾ ਹੋਏ ਹਲਕੇ ਵਿਚ ਹੜ੍ਹ ਵਾਲੇ ਹਾਲਾਤਾਂ ਵਿਚ ਹੁਣ ਪਵਿੱਤਰ ਕਾਲੀ ਵੇਈਾ ਤੇ ਚਿੱਟੀ ਵੇਈਾ ਵੀ ਨੱਕੋਂ ਨੱਕ ਭਰ ਚੁੱਕੀਆਂ ਹਨ ਅਤੇ ਪਾਣੀ ਹੁਣ ਓਵਰਫ਼ਲੋ ਹੋ ਕੇ ਸੜਕਾਂ ਦੇ ਉੱਪਰ ਤੋਂ ਲੰਘ ਕੇ ਨੀਵੇਂ ਥਾਵਾਂ ਅਤੇ ਝੋਨੇ ਦੀ ਫ਼ਸਲ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ | ਪਾਣੀ ਨਾਲ ਸੜਕਾਂ ਦੇ ਕਿਨਾਰੇ ਟੁੱਟ ਕੇ ਵੱਡੇ ਵੱਡੇ ਟੋਏ ਪੈਂਦੇ ਜਾ ਰਹੇ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਤਾਂ ਉਡੀਕ ਰਿਹਾ ਹੈ ਕਿ ਕਦੋਂ ਬੰਨ ਟੁੱਟਣ ਤੇ ਸਾਡੀ ਜਾਨ ਛੁੱਟੇ | ਉਨ੍ਹਾਂ ਕਿਹਾ ਕਿ ਸਾਨੂੰ ਨਾ ਤਾਂ ਪ੍ਰਸ਼ਾਸਨ ਤੇ ਪਹਿਲਾਂ ਉਮੀਦ ਸੀ ਤੇ ਨਾ ਹੀ ਹੁਣ ਹੈ | ਚਿੱਟੀ ਵੇਈਾ ਦੇ ਓਵਰਫ਼ਲੋ ਹੋਣ ਉਪਰੰਤ ਕਪੂਰਥਲਾ ਕਾਲਾ ਸੰਘਿਆਂ ਰੋਡ ਬੰਦ ਹੋ ਗਿਆ ਹੈ | ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਦੇ ਉੱਪਰ ਬਣੇ ਲੱਕੜ ਦੇ ਪੁਲ ਨੂੰ ਵੀ ਖ਼ਤਰਾ ਪੈਦਾ ਹੋਣ ਕਾਰਨ ਸੰਤ ਸੀਚੇਵਾਲ ਵੱਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪਹਿਲਾਂ ਬੰਦ ਕਰ ਦਿੱਤਾ ਗਿਆ ਹੈ | ਵੇਈਾ ਨਦੀ ਤੇ ਬਣੇ ਪਲਟੂਨ ਪੁਲ ਨੂੰ ਵੀ ਖੋਲ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਵੇਈਾ ਦੇ ਨਜ਼ਦੀਕ ਰਹਿੰਦੇ ਲੋਕਾਂ ਨੂੰ ਦੂਰ ਰਹਿਣ ਲਈ ਕਿਹਾ ਗਿਆ ਹੈ | ਜੇਕਰ ਇਸੇ ਤਰ੍ਹਾਂ ਬਾਰਿਸ਼ ਹੁੰਦੀ ਰਹੀ ਤਾਂ ਇਹ ਪਾਣੀ ਵਧ ਕੇ ਸ਼ਹਿਰ ਵੱਲ ਨੂੰ ਦਾਖਲ ਹੋ ਜਾਵੇਗਾ ਜਿਸ ਕਾਰਨ ਭਾਰੀ ਨੁਕਸਾਨ ਹੋ ਸਕਦਾ ਹੈ | ਪਵਿੱਤਰ ਕਾਲੀ ਵੇਈਾ ਵਿਚ ਪਾਣੀ ਓਵਰਫ਼ਲੋ ਹੋਣ ਉਪਰੰਤ ਹੋਣ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨੇੜੇ ਬਣੇ ਇਸ਼ਨਾਨ ਘਾਟ ਵਿਚ ਪਹੁੰਚ ਗਿਆ ਹੈ | ਗੁਰਦੁਆਰਾ ਬੇਰ ਸਾਹਿਬ ਦੇ ਨਜ਼ਦੀਕ ਨਵੀਂ ਬਣੀ ਲੰਗਰ ਵਾਲੀ ਇਮਾਰਤ ਦੇ ਨਾਲ ਵੀ ਪਾਣੀ ਲੱਗ ਚੁੱਕਾ ਹੈ | ਪਾਣੀ ਦਾ ਦਿਨ ਬ ਦਿਨ ਪੱਧਰ ਵਧਣ ਕਾਰਨ ਹੁਣ ਸਥਾਨਕ ਲੋਕਾਂ ਵਿਚ ਵੀ ਡਰ ਤੇ ਖ਼ੌਫ਼ ਪਾਇਆ ਜਾ ਰਿਹਾ ਹੈ |
ਕਾਲੀ ਵੇਈਾ ਨੇ ਭੁਲੱਥ ਤੇ ਆਸ ਪਾਸ ਦੇ ਪਿੰਡਾਂ ਦੀਆਂ ਫ਼ਸਲਾਂ ਦਾ ਕੀਤਾ ਭਾਰੀ ਨੁਕਸਾਨ
ਭੁਲੱਥ, (ਮਨਜੀਤ ਸਿੰਘ ਰਤਨ)-ਪਿਛਲੇ ਕੁੱਝ ਦਿਨਾਂ ਤੋਂ ਹਰ ਰੋਜ਼ ਪੈ ਰਹੀ ਬਾਰਿਸ਼ ਨੇ ਕਸਬਾ ਭੁਲੱਥ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ | ਕਾਲੀ ਵੇਈਾ ਦੇ ਕਿਨਾਰਿਆਂ ਤੇ ਵਸੇ ਪਿੰਡਾਂ ਨਡਾਲੀ, ਬਗਵਾਨਪੁਰ, ਚਾਣਚੱਕ, ਭੁਲੱਥ, ਖੱਸਣ, ਮਾਨਾ ਤਲਵੰਡੀ ਆਦਿ ਪਿੰਡਾਂ ਵਿਚ ਪਿੱਛੋਂ ਆ ਰਹੇ ਹੜ੍ਹ ਦੇ ਪਾਣੀ ਤੇ ਬਾਰਿਸ਼ ਦੇ ਜਮਾ ਹੋਏ ਪਾਣੀ ਨਾਲ ਝੋਨੇ ਦੀ ਫ਼ਸਲ ਕਈ ਦਿਨਾਂ ਤੋਂ ਡੁੱਬੀ ਪਈ ਹੈ | ਹਰੇ ਚਾਰੇ ਤੇ ਸਬਜ਼ੀਆਂ ਵਾਲੇ ਖੇਤ ਵੀ ਪਾਣੀ ਦੀ ਮਾਰ ਹੇਠ ਆਉਣ ਕਰਕੇ ਖ਼ਰਾਬ ਹੋ ਗਏ ਹਨ | ਸੈਂਕੜੇ ਏਕੜ ਫ਼ਸਲ ਤਬਾਹ ਹੋਣ ਕਰਕੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ | ਜਿਨ੍ਹਾਂ ਕਿਸਾਨਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਫ਼ਸਲਾਂ ਬੀਜੀਆਂ ਹੋਈਆਂ ਹਨ ਉਹ ਤਾਂ ਬਹੁਤ ਹੀ ਫ਼ਿਕਰਮੰਦ ਹਨ ਕਿ ਉਹ ਠੇਕੇ ਕਿਵੇਂ ਦੇ ਸਕਣਗੇ | ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਖ਼ਰਾਬ ਹੋਈਆਂ ਫ਼ਸਲਾਂ ਦਾ ਸਰਵੇਖਣ ਕਰਵਾ ਕੇ ਉਨ੍ਹਾਂ ਨੂੰ ਉਚਿੱਤ ਮੁਆਵਜ਼ਾ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ | ਬੈਂਕਾਂ ਤੋਂ ਲਏ ਫ਼ਸਲੀ ਕਰਜ਼ਿਆਂ ਦਾ ਵਿਆਜ ਵੀ ਮੁਆਫ਼ ਕਰਨਾ ਚਾਹੀਦਾ ਅਤੇ ਲਿਮਟਾਂ ਨੂੰ ਰੀਨਿਊ ਦਾ ਕੰਮ ਹਾੜੀ ਦੀ ਫ਼ਸਲ ਕਣਕ ਦੇ ਸਮੇਂ ਤੇ ਪਾ ਦਿੱਤਾ ਜਾਣਾ ਚਾਹੀਦਾ ਹੈ | 

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਰਾਵੀ ਦਰਿਆ ਤੋਂ ਪਾਰ ਦੇ ਹਾਲਾਤ <br/>
Ad Position 24