ਨਡਾਲਾ, 2 ਸਤੰਬਰ (ਰਘਬਿੰਦਰ ਸਿੰਘ)-8 ਮਹੀਨੇ ਸੰਘਰਸ਼ ਤੋਂ ਬਾਅਦ ਅੱਜ ਨਡਾਲਾ ਦੇ ਨਵੇਂ ਕਾਰਜ ਸਾਧਕ ਅਫ਼ਸਰ ਬਲਜੀਤ ਸਿੰਘ ਨੇ, ਨਗਰ ਪੰਚਾਇਤ ਨਡਾਲਾ ਦੇ ਨਵੇਂ ਕਾਂਗਰਸ ਦੇ ਪ੍ਰਧਾਨ ਬਲਜੀਤ ਕੌਰ ਵਾਲੀਆ ਤੇ ਮੀਤ ਪ੍ਰਧਾਨ ਸੰਦੀਪ ਪਸਰੀਚਾ ਨੂੰ ਚਾਰਜ ਦੇ ਹੀ ਦਿੱਤਾ | ਇੱਥੇ ਦੱਸ ਦੇਈਏ ਕਿ ਨਗਰ ਪੰਚਾਇਤ ਚੋਣਾਂ ਵਿਚ ਕਾਂਗਰਸ ਦੀ ਜਿੱਤ ਹੋਈ ਸੀ ਤੇ ਪਹਿਲਾਂ ਤਾਂ ਸਿਆਸੀ ਦਬਾਅ ਹੇਠ ਤੀਜੀ ਮੀਟਿੰਗ ਵਿਚ ਪ੍ਰਧਾਨ ਦੀ ਚੋਣ ਨੇਪਰੇ ਚੜ੍ਹੀ, ਜਿਸ ਵਿਚ ਉਨ੍ਹਾਂ ਨੂੰ ਮਾਨਯੋਗ ਹਾਈਕੋਰਟ ਦਾ ਸਹਾਰਾ ਲੈਣਾ ਪਿਆ ਸੀ | ਉਪਰੰਤ ਨਗਰ ਪੰਚਾਇਤ ਨਡਾਲਾ ਦੇ ਈ.ਓ. ਵੱਲੋਂ ਸਿਆਸੀ ਦਬਾਅ ਹੇਠ ਚਾਰਜ ਨਹੀਂ ਦਿੱਤਾ ਗਿਆ | ਇਕ ਵਾਰ ਫਿਰ ਪ੍ਰਧਾਨ ਬਲਜੀਤ ਕੌਰ ਵਾਲੀਆ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਹਾਈਕੋਰਟ ਨੇ ਬੀਤੀ 24 ਜੁਲਾਈ ਨੂੰ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਕਿ 7 ਦਿਨਾਂ ਦੇ ਅੰਦਰ ਪ੍ਰਧਾਨਾਂ ਨੂੰ ਚਾਰਜ ਦੇ ਕੇ ਰਿਪੋਰਟ ਪੇਸ਼ ਕੀਤੀ ਜਾਵੇ, ਪ੍ਰੰਤੂ ਅਜਿਹਾ ਫਿਰ ਨਾ ਹੋਇਆ ਤਾਂ ਫਿਰ ਪ੍ਰਧਾਨਾਂ ਵਲੋਂ ਕੋਰਟ ਵਿਚ ਕੰਟੈਂਪਟ ਦੀ ਪਟੀਸ਼ਨ ਦਾਇਰ ਕੀਤੀ ਤਾਂ ਕੋਰਟ ਨੇ ਅਫ਼ਸਰਸ਼ਾਹੀ ਨੂੰ ਝਾੜ ਪਾਉਂਦਿਆਂ 3 ਸਤੰਬਰ ਤੱਕ ਜਵਾਬ ਮੰਗਿਆ ਤਾਂ ਅੱਜ ਨਵੇਂ ਈ.ਓ. ਬਲਜੀਤ ਸਿੰਘ ਨਵੇਂ ਪ੍ਰਧਾਨਾ ਨੂੰ ਚਾਰਜ ਦੇ ਦਿੱਤਾ ਹੈ | ਗੱਲਬਾਤ ਕਰਦਿਆਂ ਪ੍ਰਧਾਨ ਬਲਜੀਤ ਕੌਰ ਵਾਲੀਆ, ਮੀਤ ਪ੍ਰਧਾਨ ਸੰਦੀਪ ਪਸਰੀਚਾ ਨੇ ਦੱਸਿਆ ਮਾਨਯੋਗ ਕੋਰਟ ਦੀ ਸਖ਼ਤੀ ਤੋਂ ਬਾਅਦ ਵਰ੍ਹਦੇ ਮੀਂਹ ਵਿਚ ਨਵੇਂ ਈ.ਓ. ਨੇ ਚਾਰਜ ਲੈ ਕੇ ਸਾਨੂੰ ਚਾਰਜ ਦੇ ਦਿੱਤਾ ਹੈ ਤੇ ਉਹ ਸਾਰੇ ਰਲ ਕੇ ਕਸਬੇ ਦੀ ਬਿਹਤਰੀ ਲਈ ਕੰਮ ਕਰਨਗੇ | ਇਸ ਮੌਕੇ ਅਵਤਾਰ ਸਿੰਘ ਵਾਲੀਆ, ਬਿੱਕਰ ਸਿੰਘ ਮਾਨ, ਰਾਮ ਸਿੰਘ, ਮਨਪ੍ਰੀਤ ਸਿੰਘ ਵਾਲੀਆ, ਮਹਿੰਦਰ ਸਿੰਘ ਸਹੋਤਾ, ਇੰਦਰਜੀਤ ਸਿੰਘ ਖੱਖ, ਹਰਪਾਲ ਸਿੰਘ ਘੁੰਮਣ, ਹਰਜਿੰਦਰ ਸਿੰਘ ਸਾਹੀ, ਗੁਰਪ੍ਰੀਤ ਸਿੰਘ ਵਾਲੀਆ ਤੇ ਹੋਰ ਹਾਜ਼ਰ ਸਨ |