ਫਗਵਾੜਾ, 4 ਸਤੰਬਰ (ਹਰਜੋਤ ਸਿੰਘ ਚਾਨਾ)-ਬੀਤੀ ਰਾਤ ਰਤਨਪੁਰਾ ਫਾਟਕ ਦੇ ਨੇੜੇ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਇੱਕ ਮੋਬਾਈਲਾਂ ਦੀ ਦੁਕਾਨ ਅਚਾਨਕ ਭਿਆਨਕ ਅੱਗ ਦੀ ਲਪੇਟ 'ਚ ਆ ਗਈ ਤੇ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਮਿੰਟਾਂ 'ਚ ਹੀ ਪੂਰੀ ਦੁਕਾਨ ਸੜ ਕੇ ਰਾਖ ਹੋ ਗਈ | ਦੁਕਾਨ ਮਾਲਕ ਨਿਤੀਸ਼ ਕੁਮਾਰ ਵਾਸੀ ਵਿਕਾਸ ਨਗਰ ਨੇ ਦੱਸਿਆ ਕਿ ਉਸ ਦੀ ਐੱਨ.ਐੱਸ. ਮੋਬਾਈਲ ਵਰਲਡ ਦੁਕਾਨ ਹੈ | ਉਹ ਦਵਾਈ ਲੈਣ ਲਈ ਆਪਣੇ ਦੋਸਤ ਨਾਲ ਹਸਪਤਾਲ ਗਏ ਹੋਏ ਸਨ ਤੇ ਉੱਥੇ ਬੈਠੇ ਜਦੋਂ ਉਸ ਨੇ ਆਪਣੀ ਦੁਕਾਨ ਦੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਨ ਲੱਗਾ ਤਾਂ ਉਹ ਬੰਦ ਪਏ ਸਨ | ਸ਼ੱਕ ਹੋਣ 'ਤੇ ਉਹ ਆਪਣੇ ਸਾਥੀ ਦੀਪਕ ਕੁਮਾਰ ਨਾਲ ਦੁਕਾਨ 'ਤੇ ਪਹੁੰਚਿਆ | ਜਿਵੇਂ ਹੀ ਉਨ੍ਹਾਂ ਨੇ ਦੁਕਾਨ ਦਾ ਦਰਵਾਜ਼ਾ ਖੋਲਿ੍ਹਆ, ਅੰਦਰੋਂ ਜ਼ਬਰਦਸਤ ਧਮਾਕਾ ਹੋਇਆ ਤੇ ਉਹ ਦੋਵੇਂ ਖ਼ੁਦ ਅੱਗ ਨਾਲ ਝੁਲਸ ਗਏ ਜਿਸ ਨੂੰ ਤੁਰੰਤ ਨਿੱਜੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ | ਨਿਤੀਸ਼ ਨੇ ਦੱਸਿਆ ਕਿ ਇਸ ਘਟਨਾ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਦੁਕਾਨ ਪੂਰੀ ਤਰ੍ਹਾਂ ਤਬਾਹ ਹੋ ਗਈ | ਘਟਨਾ ਦੀ ਸੂਚਨਾ ਮਿਲਦੇ ਸਾਰ ਫਾਇਰ ਬਿ੍ਗੇਡ ਦੀ ਟੀਮ ਮੌਕੇ 'ਤੇ ਪੁੱਜੀ ਤੇ ਅੱਗ 'ਤੇ ਕਾਬੂ ਪਾਇਆ | ਫਾਇਰ ਅਫ਼ਸਰ ਕਮਲ ਨੇ ਦੱਸਿਆ ਕਿ ਅੱਧੀ ਰਾਤ ਤੋਂ ਬਾਅਦ ਉਨ੍ਹਾਂ ਨੂੰ ਜਾਣਕਾਰੀ ਮਿਲੀ ਤੇ ਉਨ੍ਹਾਂ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ | ਅੱਗ ਲੱਗਣ ਦੇ ਕਾਰਨਾਂ ਬਾਰੇ ਸਪੱਸ਼ਟ ਨਹੀਂ ਹੋ ਸਕਿਆ |