ਫਗਵਾੜਾ, 5 ਸਤੰਬਰ (ਹਰਜੋਤ ਸਿੰਘ ਚਾਨਾ)-ਪਿਛਲੇ ਕਰੀਬ 17 ਮਹੀਨਿਆਂ ਤੋਂ ਆਪਣੀਆਂ ਤਨਖ਼ਾਹਾਂ ਲਈ ਸੰਘਰਸ਼ ਕਰ ਰਹੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਸੀ ਐਂਡ ਵੀ ਅਧਿਆਪਕਾਂ ਅਤੇ ਅੱਠ ਮਹੀਨੇ ਤੋਂ ਤਨਖ਼ਾਹ ਲਈ ਤਰਸ ਰਹੇ ਕਰਮਚਾਰੀਆਂ ਨੇ ਅੱਜ ਅਧਿਆਪਕ ਦਿਵਸ ਨੂੰ 'ਬਲੈਕ ਡੇ' ਦੇ ਰੂਪ ਵਿਚ ਮਨਾਇਆ | ਇਸ ਦੌਰਾਨ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਏਡਿਡ ਸਕੂਲਾਂ ਦੇ ਅਧਿਆਪਕ ਅਤੇ ਹੋਰ ਕਰਮਚਾਰੀਆਂ ਨੇ ਕਾਲੇ ਕੱਪੜੇ ਪਾ ਕੇ ਤੇ ਕਾਲੇ ਬਿੱਲੇ ਤੇ ਕਾਲੇ ਰਿਬਨ ਲਗਾ ਕੇ ਰੋਸ ਦਾ ਪ੍ਰਗਟਾਵਾ ਕੀਤਾ | ਅਧਿਆਪਕਾਂ ਤੇ ਕਰਮਚਾਰੀਆਂ ਦੇ ਇਕ ਵਫ਼ਦ ਨੇ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਮੋਨਿਕਾ ਸ਼ਰਮਾ ਦੀ ਅਗਵਾਈ ਹੇਠ ਐੱਸ.ਡੀ.ਐੱਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਮੋਨਿਕਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਪਾਂਸ਼ਟ ਦੇ ਦੋ ਏਡਿਡ ਸਕੂਲਾਂ ਨੂੰ ਤਾਂ ਜਨਵਰੀ 2024 ਤੋਂ ਸਰਕਾਰ ਵੱਲੋਂ ਤਨਖ਼ਾਹ ਲਈ ਗਰਾਂਟ ਜਾਰੀ ਨਹੀਂ ਕੀਤੀ ਗਈ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਤੇ ਹੋਰ ਕਰਮਚਾਰੀਆਂ ਦੀ ਮਹੀਨਿਆਂ ਤੋਂ ਲਟਕ ਰਹੀ ਤਨਖ਼ਾਹ ਤੁਰੰਤ ਜਾਰੀ ਕਰੇ | ਉਨ੍ਹਾਂ ਕਿਹਾ ਕਿ ਇੱਕ ਅਜਿਹਾ ਸਿਸਟਮ ਬਣਾਇਆ ਜਾਣਾ ਚਾਹੀਦਾ ਹੈ ਕਿ ਅਧਿਆਪਕਾਂ ਦੀਆਂ ਤਨਖ਼ਾਹਾਂ ਤੇ ਹੋਰ ਬਕਾਏ ਨਿਯਮਿਤ ਤੌਰ ਤੇ ਸਮੇਂ ਸਿਰ ਜਾਰੀ ਹੋਣਾ ਯਕੀਨੀ ਹੋਵੇ | ਜੇਕਰ ਸਹਾਇਤਾ ਪ੍ਰਾਪਤ ਸਕੂਲਾਂ 'ਚ ਮਿਆਰੀ ਸਿੱਖਿਆ ਬਣਾਈ ਰੱਖਣੀ ਹੈ ਤਾਂ ਅਧਿਆਪਕਾਂ ਦੇ ਮਾਣ ਤੇ ਮਨੋਬਲ ਦੀ ਰੱਖਿਆ ਹਰ ਹਾਲਤ ਵਿਚ ਕਰਨੀ ਸਰਕਾਰ ਦਾ ਮੁੱਢਲਾ ਫ਼ਰਜ਼ ਹੈ | ਇਸ ਮੌਕੇ ਜ਼ਿਲ੍ਹਾ ਸਕੱਤਰ ਬਲਵਿੰਦਰ ਕੌਰ, ਕੈਸ਼ੀਅਰ ਕੰਵਲਜੀਤ ਕੌਰ, ਉਪ ਪ੍ਰਧਾਨ ਸ਼ਾਮ ਰਾਜ, ਪਿ੍ੰਸੀਪਲ ਰੀਟਾ ਥਾਪਰ, ਪਿ੍ੰਸੀਪਲ ਮਮਤਾ ਪੁੰਜ, ਸੁਖਵਿੰਦਰ ਕੌਰ, ਗੁਰਜੀਤ ਕੌਰ, ਸੀਮਾ ਰਾਣਾ, ਬਬੀਤਾ ਭੰਡਾਰੀ, ਸ਼ਮ੍ਹਾ ਰਾਣੀ, ਰਮਨਦੀਪ ਕੌਰ, ਸਵਰਨ ਰਾਣੀ, ਮਨਜੀਤ ਕੌਰ ਹਰਿੰਦਰ ਕੌਰ ਆਦਿ ਵੀ ਹਾਜ਼ਰ ਸਨ |