ਸੁਲਤਾਨਪੁਰ ਲੋਧੀ, 5 ਸਤੰਬਰ (ਨਰੇਸ਼ ਹੈਪੀ)-ਸਰਕਾਰੀ ਸਹਾਇਤਾ ਮਾਨਤਾ ਪ੍ਰਾਪਤ ਸਕੂਲ ਸੁਲਤਾਨਪੁਰ ਲੋਧੀ ਇਕਾਈ ਦੇ ਸਮੂਹ ਅਧਿਆਪਕ ਕਰਮਚਾਰੀਆਂ ਨੇ ਪਿਛਲੇ 9 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਅੱਜ ਅਧਿਆਪਕ ਦਿਵਸ ਨੂੰ ਕਾਲਾ ਦਿਵਸ ਦੇ ਤੌਰ ਤੇ ਮਨਾਉਂਦੇ ਹੋਏ ਸਰਕਾਰ ਦੇ ਨਾਂ ਤੇ ਐਸ ਡੀ ਐਮ ਨੂੰ ਮੰਗ ਪੱਤਰ ਸੌਂਪਿਆ | ਇਸ ਮੌਕੇ ਗੱਲਬਾਤ ਕਰਦਿਆਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਇਕਾਈ ਦੇ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਰਕਾਰ ਵੱਲੋਂ ਬੀਤੇ 9 ਮਹੀਨਿਆਂ ਤੋਂ ਤਨਖ਼ਾਹ ਨਾ ਜਾਰੀ ਕਰਨ ਤੇ ਸਾਡੇ ਘਰ ਦੇ ਚੁੱਲੇ੍ਹ ਠੰਢੇ ਹੋ ਗਏ ਹਨ | ਉਨ੍ਹਾਂ ਕਿਹਾ ਕਿ ਜਿਸ ਘਰ ਵਿਚ ਇੱਕ ਹੀ ਵਿਅਕਤੀ ਕਮਾਉਣ ਵਾਲਾ ਹੋਵੇ ਤਾਂ ਉਸ ਨੂੰ 9 ਮਹੀਨੇ ਤੋਂ ਤਨਖ਼ਾਹ ਨਾ ਮਿਲੀ ਹੋਵੇ ਤਾਂ ਉਸ ਦੇ ਘਰ ਦਾ ਅੰਦਾਜ਼ਾ ਲਗਾਉਣਾ ਕਿੰਨਾ ਔਖਾ ਹੈ | ਉਨ੍ਹਾਂ ਕਿਹਾ ਕਿ ਹਾਲਾਤ ਦਿਨ ਬ ਦਿਨ ਬਦਤਰ ਹੁੰਦੇ ਜਾ ਰਹੇ ਹਨ ਅਤੇ ਸਾਨੂੰ ਹੁਣ ਨਾ ਤਾਂ ਕਰਿਆਨਾ ਦੁਕਾਨ ਵਾਲੇ, ਨਾ ਦੋਧੀ ਅਤੇ ਇੱਥੋਂ ਤੱਕ ਕਿ ਬੈਂਕ ਦੀ ਕਰਜ਼ੇ ਦੀ ਕਿਸ਼ਤ ਵੀ ਨਾ ਮੋੜਨ ਦੇ ਵਜੋਂ ਬਲੈਕ ਲਿਸਟ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਦੋਂ ਵੀ ਡੀ ਪੀ ਆਈ ਸਿੱਖਿਆ ਵਿਭਾਗ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਹਰ ਸਮੇਂ ਕੋਈ ਨਾ ਕੋਈ ਬਹਾਨਾ ਬਣਾ ਦਿੰਦੇ ਹਨ | ਅਸੀਂ ਦਫ਼ਤਰਾਂ ਦੇ ਚੱਕਰ ਲਗਾ ਕੇ ਥੱਕ ਚੁੱਕੇ ਹਾਂ | ਸੰਜੀਵ ਸ਼ਰਮਾ ਨੇ ਦੱਸਿਆ ਕਿ ਬਦਕਿਸਮਤੀ ਦੀ ਗੱਲ ਹੈ ਕਿ ਇੱਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਅਤੇ ਦੂਜੇ ਪਾਸੇ ਅਸੀਂ ਹਜ਼ਾਰਾਂ ਕਰਮਚਾਰੀ ਲੰਮੇ ਸਮੇਂ ਤੋਂ ਭੁੱਖ ਦੀ ਮਾਰ ਸਹਿ ਰਹੇ ਹਾਂ | ਉਨ੍ਹਾਂ ਦੱਸਿਆ ਕਿ ਕੁੱਝ ਕਰਮਚਾਰੀ ਕਰੋਨਿਕ ਬਿਮਾਰੀ ਦੇ ਨਾਲ ਪੀੜਤ ਹਨ ਤੇ ਡਾਕਟਰਾਂ ਨੇ ਮੁਫ਼ਤ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅੱਜ ਅਧਿਆਪਕ ਦਿਵਸ ਮੌਕੇ ਅਸੀਂ ਕਾਲਾ ਦਿਵਸ ਮਨਾਉਣ ਲਈ ਮਜਬੂਰ ਹਾਂ | ਉਨ੍ਹਾਂ ਕਿਹਾ ਕਿ ਸਾਡੀ ਤਾਂ ਪ੍ਰਸ਼ਾਸਨ ਦੇ ਕੋਲ ਸਿਰਫ਼ ਇੱਕ ਹੀ ਮੰਗ ਹੈ ਕਿ ਸਾਡੇ ਨਾਲ ਮਤਰੇਈ ਮਾਂ ਵਾਲਾ ਰਵੱਈਆ ਛੱਡ ਕੇ ਪੰਜਾਬ ਸਰਕਾਰ ਜਲਦ ਤੋਂ ਜਲਦ ਤਨਖ਼ਾਹਾਂ ਰਿਲੀਜ਼ ਕਰੇ ਤਾਂ ਕਿ ਸਾਡੇ ਪਰਿਵਾਰਾਂ ਦੇ ਭੁੱਖੇ ਮਰਨ ਦੀ ਨੌਬਤ ਨਾ ਆਵੇ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੇਵਾ ਮੁਕਤ ਅਧਿਆਪਕਾਂ ਨੂੰ ਨਵੇਂ ਸੋਧੇ ਸਕੇਲ ਦੇ ਪੀ ਪੀ ਓ ਵੀ ਨਹੀਂ ਜਾਰੀ ਕੀਤੇ ਜਾ ਰਹੇ | ਉਨ੍ਹਾਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਵਿਭਾਗ ਨੂੰ ਹਦਾਇਤ ਜਾਰੀ ਕਰਕੇ ਬੇਲੋੜੇ ਇੰਤਜ਼ਾਰ ਲਗਾਉਣ ਤੋਂ ਰੋਕਿਆ ਜਾਵੇ | ਇਸ ਮੌਕੇ ਸਮੂਹ ਮੁਲਾਜ਼ਮਾਂ ਵਲੋਂ ਮੰਗ ਪੱਤਰ ਤਹਿਸੀਲਦਾਰ ਪਰਮਿੰਦਰ ਸਿੰਘ ਨੂੰ ਸੌਂਪਿਆ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਗਰਾਂਟ ਨਾ ਜਾਰੀ ਕੀਤੀ ਤਾਂ ਸਾਨੂੰ ਤਿੱਖਾ ਸੰਘਰਸ਼ ਛੇੜਨ ਲਈ ਮਜਬੂਰ ਹੋਣਾ ਪਵੇਗਾ | ਇਸ ਮੌਕੇ ਪਿੰਦਰਜੀਤ ਸਿੰਘ ਹੈੱਡ ਮਾਸਟਰ, ਹਰਜਿੰਦਰ ਸਿੰਘ ਹੈੱਡ ਮਾਸਟਰ, ਸੰਜੀਵ ਸ਼ਰਮਾ, ਬਲਵਿੰਦਰ ਕੌਰ, ਸੁਧੀਰ ਧੀਰ, ਹਰਪ੍ਰੀਤ ਸਿੰਘ, ਹਰਿੰਦਰ ਯਾਦਵ, ਸਰਵਨ ਸਿੰਘ, ਛੋਟੇ ਲਾਲ ਆਦਿ ਵੀ ਹਾਜ਼ਰ ਸਨ |