ਫਗਵਾੜਾ, 5 ਸਤੰਬਰ (ਹਰਜੋਤ ਸਿੰਘ ਚਾਨਾ)-ਪੰਜਾਬ ਭਰ 'ਚ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬੀਆਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਫਗਵਾੜਾ ਦੇ ਸਰਗਰਮ ਸਮਾਜਿਕ ਤੇ ਧਾਰਮਿਕ ਆਗੂ ਸਰਦਾਰ ਮੋਹਨ ਸਿੰਘ ਸਾਈਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਣ ਵਾਲੇ ਸਮੂਹ ਗੁਰੂ ਘਰਾਂ 'ਚ ਸੰਗਤ ਵਲੋਂ ਭੇਟਾ ਕੀਤੀ ਜਾਣ ਵਾਲੀ ਇੱਕ ਦਿਨ ਦੀ ਚੜ੍ਹਤ ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਬਹੁਤ ਹੀ ਮਾੜੇ ਦੌਰ ਤੋਂ ਗੁਜਰ ਰਿਹਾ ਹੈ | ਬਹੁਤ ਸਾਰੇ ਲੋਕਾਂ ਦੇ ਸਿਰਾਂ ਤੋਂ ਛੱਤਾਂ ਖੁੱਸ ਗਈਆਂ ਹਨ | ਡੰਗਰ ਹੜ੍ਹਾਂ ਦੇ ਪਾਣੀ 'ਚ ਰੁੜ੍ਹ ਗਏ ਹਨ, ਫ਼ਸਲਾਂ ਤਬਾਹ ਹੋ ਗਈਆਂ ਹਨ ਤੇ ਲੋਕ ਤ੍ਰਾਹੀ-ਤ੍ਰਾਹੀ ਕਰ ਰਹੇ ਹਨ | ਇਸ ਲਈ ਦਸਾਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦੇ ਹੋਏ ਗੁਰੂ ਦੀ ਗੋਲਕ ਦਾ ਮੂੰਹ ਹੜ੍ਹ ਪੀੜਤਾਂ ਲਈ ਖੋਲਿ੍ਹਆ ਜਾਣਾ ਸਮੇਂ ਦੀ ਮੰਗ ਹੈ | ਉਨ੍ਹਾਂ ਪੰਜਾਬ ਭਰ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਤੋਂ ਵੀ ਪੁਰਜ਼ੋਰ ਅਪੀਲ ਕੀਤੀ ਕਿ ਇਨਸਾਨੀਅਤ ਦੇ ਫ਼ਰਜ਼ ਤੋਂ ਬਿਲਕੁਲ ਮੂੰਹ ਨਾ ਮੋੜਦੇ ਹੋਏ ਆਪੋ ਆਪਣੀ ਸਮਰੱਥਾ ਮੁਤਾਬਿਕ ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ ਦਾ ਉਪਰਾਲਾ ਕਰਨ |