ਕਪੂਰਥਲਾ, 5 ਸਤੰਬਰ (ਅਮਰਜੀਤ ਕੋਮਲ)-ਪਾਣੀ ਦਾ ਪੱਧਰ ਘਟਣ ਤੋਂ ਬਾਅਦ ਦਰਿਆ ਬਿਆਸ ਵਲੋਂ ਵਹਿਣ ਬਦਲਣ ਕਾਰਨ ਇਲਾਕੇ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਵਲੋਂ ਸ੍ਰੀ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਮੰਡ ਖ਼ਿਜਰਪੁਰ ਤੱਕ ਆਪਣੀ 4200 ਏਕੜ ਜ਼ਮੀਨ ਬਚਾਉਣ ਲਈ ਲਗਾਏ ਗਏ ਆਰਜ਼ੀ ਧੁੱਸੀ ਬੰਨ ਨੂੰ ਮੰਡ ਖ਼ਿਜਰਪੁਰ ਵਾਲੇ ਪਾਸੇ ਲਗਭਗ 150 ਫੁੱਟ ਵਿਚ ਲੱਗੀ ਢਾਹ ਨੂੰ ਰੋਕਣ ਲਈ ਇਲਾਕੇ ਦੇ ਕਿਸਾਨ ਤੇ ਵੱਡੀ ਗਿਣਤੀ ਵਿਚ ਸੰਗਤਾਂ ਸਿਰਤੋੜ ਯਤਨ ਕਰ ਰਹੀਆਂ ਹਨ | ਇਸ ਢਾਹ ਨੂੰ ਰੋਕਣ ਲਈ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਵਾਲਿਆਂ, ਸੰਤ ਬਾਬਾ ਜੈ ਸਿੰਘ ਮਹਿਮਦਵਾਲ ਵਾਲਿਆਂ ਦੀ ਅਗਵਾਈ ਵਿਚ 400 ਦੇ ਕਰੀਬ ਸੰਗਤਾਂ ਤੇ ਇਲਾਕੇ ਦੇ ਕਿਸਾਨ ਦਿਨ ਰਾਤ ਇਕ ਕਰਕੇ ਬੰਨ ਨੂੰ ਸੁਰੱਖਿਅਤ ਰੱਖਣ ਲਈ ਮਿੱਟੀ ਦੇ ਬੋਰਿਆਂ ਦੇ ਕਰੇਟ ਲਗਾ ਰਹੇ ਹਨ ਤੇ ਲੋਕਾਂ ਦੀ ਕੋਸ਼ਿਸ਼ ਹੈ ਕਿ ਇਸ ਆਰਜੀ ਬੰਨ ਨੂੰ ਹਰ ਹੀਲੇ ਬਚਾਇਆ ਜਾ ਸਕੇ | ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ ਤੇ ਉਨ੍ਹਾਂ ਦੇ ਸੇਵਾਦਾਰ ਜੋ ਤਾਰਾਂ ਰਾਹੀਂ ਬੋਰਿਆਂ ਦੇ ਕਰੇਟ ਬਣਾਉਣ ਵਿਚ ਮਾਹਿਰ ਦੱਸੇ ਜਾਂਦੇ ਹਨ, ਉਹ ਸੰਗਤਾਂ ਨੂੰ ਤਕਨੀਕੀ ਅਗਵਾਈ ਵੀ ਦੇ ਰਹੇ ਹਨ | ਆਰਜੀ ਬੰਨ ਨੂੰ ਬਚਾਉਣ ਵਿਚ ਜਿੱਥੇ ਹਲਕੇ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਸ਼ੋ੍ਰਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਇਲਾਵਾ ਵੱਖ-ਵੱਖ ਸੰਤ ਪਹਾਂਪੁਰਸ਼ਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ, ਅਧਿਆਪਕ ਜਥੇਬੰਦੀਆਂ ਤੇ ਹੋਰ ਦਾਨੀ ਸ਼ਖ਼ਸੀਅਤਾਂ ਵਲੋਂ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਬੰਨ ਦੇ ਕਾਰਜ ਵਿਚ ਜੁਟੀਆਂ ਸੰਗਤਾਂ ਲਈ ਤਿੰਨੇ ਟਾਈਮ ਲੰਗਰ ਦੀ ਸੇਵਾ ਕਰ ਰਹੀ ਹੈ | ਰਾਣਾ ਇੰਦਰਪ੍ਰਤਾਪ ਸਿੰਘ ਵਲੋਂ ਕਿਸਾਨਾਂ ਨੂੰ ਦੋ ਜੇ.ਸੀ.ਬੀ. ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ | ਖੇਤੀਬਾੜੀ ਵਿਭਾਗ ਦੇ ਸੇਵਾ ਮੁਕਤ ਅੰਕੜਾ ਅਫ਼ਸਰ ਰੇਸ਼ਮ ਸਿੰਘ ਮੰਗੂਪੁਰ, ਰਘਬੀਰ ਸਿੰਘ ਮਹਿਰਵਾਲਾ, ਹਾਕਮ ਸਿੰਘ ਨੂਰੋਵਾਲ, ਸ਼ਿੰਗਾਰਾ ਸਿੰਘ ਬਾਜਾ, ਗੁਰਚਰਨ ਸਿੰਘ ਸਾਬਕਾ ਸਰਪੰਚ ਨੂਰੋਵਾਲ, ਸ਼ਿੰਦਰ ਸਿੰਘ ਨੂਰੋਵਾਲ ਤੇ ਇਸ ਖੇਤਰ ਦੇ ਹੋਰ ਕਿਸਾਨਾਂ ਨੇ ਦੱਸਿਆ ਕਿ ਡਰੇਨਜ਼ ਵਿਭਾਗ ਵਲੋਂ ਵੀ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ, ਪਰ ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਹ ਆਰਜੀ ਬੰਨ ਆਪਣੇ ਹੱਥ ਵਿਚ ਲੈ ਕੇ ਇਸਨੂੰ ਮਜ਼ਬੂਤ ਕੀਤਾ ਜਾਵੇ | ਕਿਸਾਨਾਂ ਦਾ ਕਹਿਣਾ ਹੈ ਕਿ ਇਸੇ ਆਰਜੀ ਬੰਨ ਨੇ ਹੀ ਹੁਣ ਤੱਕ ਦਰਿਆ ਬਿਆਸ ਦੇ ਪਹਿਲਾਂ ਬਣੇ ਧੁੱਸੀ ਬੰਨ, ਪਿੰਡ ਬਾਜਾ, ਅੰਮਿ੍ਤਪੁਰ, ਰਾਜੇਵਾਲ ਤੇ ਇਨ੍ਹਾਂ ਪਿੰਡਾਂ ਵਿਚ ਚੱਲਦੇ ਤਿੰਨ ਸਰਕਾਰੀ ਸਕੂਲਾਂ ਨੂੰ ਹੜ੍ਹ ਦੀ ਮਾਰ ਤੋਂ ਬਚਾਇਆ ਹੋਇਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਆਰਜੀ ਬੰਨ ਟੁੱਟ ਜਾਂਦਾ ਹੈ ਤਾਂ ਸੁਲਤਾਨਪੁਰ ਲੋਧੀ ਦੇ ਸਬ ਡਵੀਜ਼ਨ ਖੇਤਰਾਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ | ਅੱਜ ਗੋਲਡਨ ਹੱਟ ਹਰਿਆਣਾ ਤੋਂ ਰਾਮ ਸਿੰਘ ਰਾਣਾ ਵਿਸ਼ੇਸ਼ ਤੌਰ 'ਤੇ ਬੰਨ ਵਾਲੀ ਥਾਂ 'ਤੇ ਪੁੱਜੇ ਤੇ ਉਨ੍ਹਾਂ ਆਰਜੀ ਬੰਨ ਬਣਾਉਣ ਵਿਚ ਵਿੱਤੀ ਯੋਗਦਾਨ ਪਾਇਆ |